Thursday, November 26, 2026
Google search engine
Homeਤਾਜ਼ਾ ਖਬਰਹੁਣ ਪੈਕਟ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਪੋਲ ਖੋਲ੍ਹਣਗੇ ਲਾਲ ਨਿਸ਼ਾਨ, ਸੁਪਰੀਮ...

ਹੁਣ ਪੈਕਟ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਪੋਲ ਖੋਲ੍ਹਣਗੇ ਲਾਲ ਨਿਸ਼ਾਨ, ਸੁਪਰੀਮ ਕੋਰਟ ਨੇ ਬਦਲੇ ਲੇਬਲਿੰਗ ਦੇ ਨਿਯਮ

ਹੁਣ ਪੈਕਟ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਪੋਲ ਖੋਲ੍ਹਣਗੇ ਲਾਲ ਨਿਸ਼ਾਨ, ਸੁਪਰੀਮ ਕੋਰਟ ਨੇ ਬਦਲੇ ਲੇਬਲਿੰਗ ਦੇ ਨਿਯਮ

ਚਿਪਸ, ਬਿਸਕੁਟ ਤੇ ਹੋਰ ਖਾਧ ਪਦਾਰਥਾਂ ’ਚ ਵੱਧ ਖੰਡ, ਨਮਕ ਅਤੇ ਚਰਬੀ ਦੀ ਹੋਵੇਗੀ ਸਿੱਧੀ ਪਛਾਣ; FSSAI ਨੂੰ ਚਾਰ ਮਹੀਨਿਆਂ ’ਚ ਨਵੇਂ ਨਿਯਮ ਤਿਆਰ ਕਰਨ ਦੇ ਹੁਕਮ

ਨਵੀਂ ਦਿੱਲੀ : ਹੁਣ ਬਾਜ਼ਾਰ ਵਿੱਚੋਂ ਚਿਪਸ, ਬਿਸਕੁਟ ਜਾਂ ਹੋਰ ਪੈਕਟਬੰਦ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਸਮੇਂ ਖਪਤਕਾਰਾਂ ਨੂੰ ਉਨ੍ਹਾਂ ਦੇ ਪਿਛਲੇ ਪਾਸੇ ਲਿਖੀ ਬਾਰੀਕ ਜਾਣਕਾਰੀ ਪੜ੍ਹਨ ਦੀ ਲੋੜ ਨਹੀਂ ਪਵੇਗੀ। ਸੁਪਰੀਮ ਕੋਰਟ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਖੰਡ, ਨਮਕ ਅਤੇ ਸੈਚੁਰੇਟੇਡ ਫੈਟ ਵਾਲੇ ਉਤਪਾਦਾਂ ’ਤੇ ਸਪੱਸ਼ਟ ਚੇਤਾਵਨੀ ਲਗਾਉਣ ਸਬੰਧੀ ਅਹਿਮ ਨਿਰਦੇਸ਼ ਜਾਰੀ ਕੀਤੇ ਹਨ।

26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਕਿ ਸੰਵਿਧਾਨ ਸਿਹਤ ਦੇ ਅਧਿਕਾਰ ਨੂੰ ਵੀ ਮਹੱਤਵ ਦਿੰਦਾ ਹੈ। ਅਦਾਲਤ ਅਨੁਸਾਰ, ਇਸ ਫੈਸਲੇ ਦਾ ਮਕਸਦ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ ਮੌਜੂਦ ਨੁਕਸਾਨਦੇਹ ਤੱਤਾਂ ਬਾਰੇ ਆਸਾਨੀ ਨਾਲ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਸਿਹਤ ਦੇ ਹਿਸਾਬ ਨਾਲ ਸਹੀ ਚੋਣ ਕਰ ਸਕਣ।

ਪੈਕਟਾਂ ਦੇ ਮੂਹਰੇ ਲੱਗਣਗੇ ਵੱਖ-ਵੱਖ ਲਾਲ ਚੇਤਾਵਨੀ ਚਿੰਨ੍ਹ

ਸੁਪਰੀਮ ਕੋਰਟ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਨਵੇਂ ਲੇਬਲਿੰਗ ਨਿਯਮ ਤਿਆਰ ਕਰਨ ਲਈ ਕਿਹਾ ਹੈ। ਇਸ ਤਹਿਤ ਵੱਧ ਫੈਟ, ਖੰਡ ਅਤੇ ਨਮਕ ਵਾਲੇ ਉਤਪਾਦਾਂ ਲਈ ਵੱਖਰੇ ਲਾਲ ਹੈਕਸਾਗਨ (ਛੇ-ਭੁਜੀ) ਨਿਸ਼ਾਨ ਲਗਾਉਣ ਦੀ ਵਿਵਸਥਾ ਹੋਵੇਗੀ।

ਇਨ੍ਹਾਂ ਚਿੰਨ੍ਹਾਂ ’ਤੇ ਮੋਟੇ ਅੱਖਰਾਂ ਵਿੱਚ ‘HIGH FAT’, ‘HIGH SUGAR’ ਅਤੇ ‘HIGH SALT’ ਲਿਖਿਆ ਹੋਵੇਗਾ। ਇਸ ਨਾਲ ਗਾਹਕ ਪੈਕਟ ਦੇ ਅਗਲੇ ਹਿੱਸੇ ਨੂੰ ਦੇਖ ਕੇ ਹੀ ਸਮਝ ਸਕਣਗੇ ਕਿ ਉਸ ਵਿੱਚ ਕਿਹੜੇ ਤੱਤ ਦੀ ਮਾਤਰਾ ਵੱਧ ਹੈ। ਅਦਾਲਤ ਨੇ ਚੇਤਾਵਨੀ ਨਿਸ਼ਾਨਾਂ ਦਾ ਆਕਾਰ ਵੀ ਅਜਿਹਾ ਰੱਖਣ ’ਤੇ ਜ਼ੋਰ ਦਿੱਤਾ ਹੈ, ਤਾਂ ਜੋ ਉਹ ਆਸਾਨੀ ਨਾਲ ਪੜ੍ਹੇ ਜਾ ਸਕਣ।

ਕੁੱਲ ਖੰਡ ਅਤੇ ਚਰਬੀ ਦੀ ਮਾਤਰਾ ਬਣੇਗੀ ਨਵੇਂ ਨਿਯਮਾਂ ਦਾ ਆਧਾਰ

ਅਦਾਲਤ ਨੇ ਖਾਧ ਪਦਾਰਥਾਂ ਦੀ ਲੇਬਲਿੰਗ ਲਈ ਵਰਤੇ ਜਾਣ ਵਾਲੇ ਮਾਪਦੰਡਾਂ ਵਿੱਚ ਤਬਦੀਲੀ ਕਰਨ ਦੀ ਹਦਾਇਤ ਦਿੱਤੀ ਹੈ। ਹੁਣ ਸਿਰਫ਼ ਐਡਿਡ ਸ਼ੂਗਰ ਦੀ ਬਜਾਏ ਉਤਪਾਦ ਵਿੱਚ ਮੌਜੂਦ ਕੁੱਲ ਖੰਡ (ਟੋਟਲ ਸ਼ੂਗਰ), ਸੈਚੁਰੇਟੇਡ ਫੈਟ ਅਤੇ ਨਮਕ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ ਇਨ੍ਹਾਂ ਤੱਤਾਂ ਦੀ ਵੱਧ ਮਾਤਰਾ ਨਿਰਧਾਰਤ ਕਰਨ ਲਈ ਨਵੀਆਂ ਸੀਮਾਵਾਂ ਤੈਅ ਕਰਨੀਆਂ ਪੈਣਗੀਆਂ। ਅਦਾਲਤ ਨੇ ਸਪੱਸ਼ਟ ਕੀਤਾ ਕਿ DGI 2024 ਦੀ ਟੇਬਲ 15.1 ਨੂੰ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ FSSAI ਦੇ ਉਸ ਪ੍ਰਸਤਾਵ ’ਤੇ ਵੀ ਸਵਾਲ ਚੁੱਕੇ ਸਨ, ਜਿਸ ਵਿੱਚ ਕੰਪਨੀਆਂ ਨੂੰ ਨਿਯਮਾਂ ਦੀ ਪਾਲਣਾ ਲਈ 365 ਦਿਨਾਂ ਦਾ ਸਮਾਂ ਦੇਣ ਅਤੇ ਮੁੜ ਸਲਾਹ-ਮਸ਼ਵਰਾ ਕਰਨ ਦੀ ਗੱਲ ਕੀਤੀ ਗਈ ਸੀ।

ਚਾਰ ਮਹੀਨਿਆਂ ਅੰਦਰ ਤਿਆਰ ਕਰਨੇ ਪੈਣਗੇ ਨਵੇਂ ਨਿਯਮ

ਸੁਪਰੀਮ ਕੋਰਟ ਨੇ FSSAI ਨੂੰ ਨਵੇਂ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਚਾਰ ਮਹੀਨਿਆਂ ਦੀ ਸਮਾਂ-ਸੀਮਾ ਦਿੱਤੀ ਹੈ। ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ, FSSAI ਨੂੰ 10 ਹਫ਼ਤਿਆਂ ਬਾਅਦ ਅਦਾਲਤ ਵਿੱਚ ਸਟੇਟਸ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਸ ਰਿਪੋਰਟ ਰਾਹੀਂ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੱਤਾ ਜਾਵੇਗਾ।

ਸਕੂਲਾਂ ਦੇ ਬੱਚਿਆਂ ਨੂੰ ਵੀ ਸਿਖਾਇਆ ਜਾਵੇਗਾ ਪੌਸ਼ਟਿਕ ਖੁਰਾਕ ਦਾ ਮਹੱਤਵ

ਅਦਾਲਤ ਨੇ ਸਿਰਫ਼ ਖਾਧ ਪਦਾਰਥਾਂ ਦੇ ਪੈਕਟਾਂ ’ਤੇ ਚੇਤਾਵਨੀ ਲਗਾਉਣ ਤੱਕ ਹੀ ਆਪਣਾ ਧਿਆਨ ਸੀਮਤ ਨਹੀਂ ਰੱਖਿਆ, ਸਗੋਂ ਬੱਚਿਆਂ ਨੂੰ ਸਿਹਤਮੰਦ ਖਾਣ-ਪੀਣ ਬਾਰੇ ਜਾਗਰੂਕ ਕਰਨ ਦੀ ਲੋੜ ਵੀ ਉਜਾਗਰ ਕੀਤੀ ਹੈ।

ਇਸ ਤਹਿਤ ਸਕੂਲਾਂ ਦੇ ਪਾਠਕ੍ਰਮ ਵਿੱਚ ਪੋਸ਼ਣ ਸਬੰਧੀ ਸਿੱਖਿਆ ਸ਼ਾਮਲ ਕਰਨ ਅਤੇ ਵਿਸ਼ੇਸ਼ ਵਰਕਸ਼ਾਪਾਂ ਕਰਵਾਉਣ ਦੀ ਵਿਵਸਥਾ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਅਦਾਲਤ ਦਾ ਮੰਨਣਾ ਹੈ ਕਿ ਬਚਪਨ ਤੋਂ ਹੀ ਸਿਹਤਮੰਦ ਖੁਰਾਕ ਦੀ ਮਹੱਤਤਾ ਸਮਝਾਉਣ ਨਾਲ ਬੱਚਿਆਂ ਨੂੰ ਜੰਕ ਫੂਡ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਮਦਦ ਮਿਲੇਗੀ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments