ਵੈੱਸਟ ਪੁਆਂਇੰਟ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਨੇ ਬੂਟੇ ਲਾ ਕੇ ਮਨਾਇਆ ਜਨਮ ਦਿਨ
ਸਕੂਲ ਦੇ ਹਰੇਕ ਵਿਦਿਆਰਥੀ ਨੂੰ ਬੂਟੇ ਜਾਂ ਸਬਜੀਆਂ ਲਾਉਣ ਦੀ ਪੂਰੀ ਖੁੱਲ : ਨਕਈ
ਕੋਟਕਪੂਰਾ, 11 ਮਈ :- ਹੋਟਲ, ਰੈਸਟੋਰੈਂਟ ਵਿੱਚ ਜਨਮ ਦਿਨ ਦੇ ਜਸ਼ਨ ਮਨਾਉਣ, ਕੇਕ ਕੱਟਣ ਜਾਂ ਸ਼ੋਰ ਸ਼ਰਾਬਾ ਕਰਨ ਦੀ ਬਜਾਇ ਸਥਾਨਕ ਵੈਸਟ ਪੁਆਂਇੰਟ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਰਣਵੀਰ ਸਿੰਘ ਦੇ ਪਿਤਾ ਅਮਨਦੀਪ ਸਿੰਘ ਘੋਲੀਆ ਨੇ ਆਪਣੇ ਹੋਣਹਾਰ ਬੇਟੇ ਦਾ 15ਵਾਂ ਜਨਮ ਦਿਨ ਉਸਦੇ ਸਕੂਲ ਵਿੱਚ ਵੱਖ ਵੱਖ ਕਿਸਮਾ ਦੇ ਬੂਟੇ ਲਾ ਕੇ ਮਨਾਇਆ। ਜਿਕਰਯੋਗ ਹੈ ਕਿ ਅਮਨਦੀਪ ਘੋਲੀਆ ਵਾਤਾਵਰਣ ਨੂੰ ਪ੍ਰਣਾਈ ਸੰਸਥਾ ‘ਸੀਰ’ ਦਾ ਸਥਾਨਕ ਪ੍ਰਧਾਨ ਹੈ ਤੇ ਬੂਟੇ ਲਾਉਣ ਜਾਂ ਲੱਗੇ ਹੋਏ ਬੂਟਿਆਂ ਦੀ ਸੰਭਾਲ ਵਿੱਚ ਉਸਦਾ ਅਕਸਰ ਵੱਡਮੁੱਲਾ ਯੋਗਦਾਨ ਰਹਿੰਦਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਨੇ ਰਣਵੀਰ ਸਿੰਘ ਤੇ ਉਸਦੇ ਪਿਤਾ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਨਾਲ ਹੋਰਨਾ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਸ੍ਰ ਨਕੱਈ ਨੇ ਅਮਨਦੀਪ ਘੋਲੀਆ ਸਮੇਤ ਬਲਜੀਤ ਸਿੰਘ ਖੀਵਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਸਕੂਲ ਦੇ ਚੌਗਿਰਦੇ ਦਾ ਦੋਰਾ ਕਰਾਉਣ ਉਪਰੰਤ ਦੱਸਿਆ ਕਿ ਇੱਥੇ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੂੰ ਆਪੋ ਆਪਣੇ ਮਨ ਪਸੰਦ ਫੁੱਲਦਾਰ, ਫਲਦਾਰ ਅਤੇ ਛਾਂਦਾਰ ਬੂਟੇ ਲਾਉਣ ਦੇ ਨਾਲ ਨਾਲ ਹਰ ਤਰਾਂ ਦੀਆਂ ਸਬਜੀਆਂ ਲਾਉਣ ਦੀ ਵੀ ਪੂਰੀ ਖੁੱਲ ਹੈ। ਬੱਚੇ ਖੁਦ ਉਹਨਾਂ ਸਬਜੀਆਂ ਜਾਂ ਬੂਟਿਆਂ ਦੀ ਸੰਭਾਲ ਕਰਦੇ ਹਨ, ਜਿਸ ਨਾਲ ਬੱਚਿਆਂ ਦਾ ਕੁਦਰਤ ਦੇ ਨੇੜੇ ਹੋਣਾ ਸੁਭਾਵਿਕ ਹੈ। ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਉਹ ਵੀ ਆਪਣੇ ਵਿਆਹ ਦੀ ਵਰੇਗੰਢ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਨਮ ਦਿਨ ਬੂਟੇ ਲਾ ਕੇ ਮਨਾਉਂਦਾ ਹੈ ਤੇ ਭਵਿੱਖ ਵਿੱਚ ਉਸ ਨੇ ਸ਼ਹਿਰ ਦੇ ਆਪਣੇ ਸਰਕਲ ਵਾਲੇ ਦੋਸਤਾਂ ਮਿੱਤਰਾਂ ਨੂੰ ਅਜਿਹੇ ਸ਼ੁੱਭ ਮੌਕਿਆਂ ’ਤੇ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਤਜਵੀਜ ਅਤੇ ਰਣਨੀਤੀ ਤਿਆਰ ਕੀਤੀ ਹੈ।