ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਜਿਲਾ ਇਕਾਈ ਵੱਲੋਂ ਮਾਸਿਕ ਮੀਟਿੰਗ ਆਯੋਜਿਤ
— ਪ੍ਰਧਾਨ ਹਰਦੇਵ ਸਿੰਘ ਨੇ ਕੀਤੀ ਪ੍ਰਧਾਨਗੀ —
ਸ੍ਰੀ ਮੁਕਤਸਰ ਸਾਹਿਬ, 14 ਮਈ – ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਜ਼ਿਲਾ ਇਕਾਈ ਦੀ ਮਾਸਿਕ ਮੀਟਿੰਗ ਅੱਜ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ। ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਿਲਾ ਵਾਈਸ ਚੇਅਰਮੈਨ ਬਸੰਤ ਸਿੰਘ ਰਾਜੂ, ਸਰਪ੍ਰਸਤ ਚੌ. ਦੌਲਤ ਰਾਮ ਸਿੰਘ, ਜਨਰਲ ਸਕੱਤਰ ਕਰਮਜੀਤ ਸ਼ਰਮਾ ਅਤੇ ਪੰਜਾਬ ਰੋਡਵੇਜ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਅਤੇ ਐਕਸਾਈਜ ਐਂਡ ਟੈਕਸਟੇਕਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੋਮ ਪ੍ਰਕਾਸ਼ ਗੁਪਤਾ ਨੇ ਪ੍ਰਧਾਨਗੀ ਮੰਡਲ ਵਿਚ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸੰਸਥਾ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਪਿ੍ਰੰਸੀਪਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਤੋਂ ਬਾਅਦ ਬਕਾਇਦਾ ਤੌਰ ’ਤੇ ਜਨਰਲ ਸਕੱਤਰ ਕਰਮਜੀਤ ਸ਼ਰਮਾ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ। ਮੀਟਿੰਗ ਦੌਰਾਨ ਜਸਵੰਤ ਸਿੰਘ ਬੜਾੜ ਭਾਗਸਰ, ਗੁਰਟੇਕ ਸਿੰਘ ਬਰਾੜ, ਚੌ. ਬਲਬੀਰ ਸਿੰਘ, ਚੌ. ਅਮੀ ਚੰਦ ਅਤੇ ਮੇਜਰ ਸਿੰਘ ਚੌਂਤਰਾਂ ਨੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ। ਉਨਾਂ ਨੇ ਕਿਹਾ ਕਿ ਇਹਨਾਂ ਦੀ ਪੂਰਤੀ ਲਈ ਸਟੇਟ ਬਾਡੀ ਵੱਲੋਂ ਉਲੀਕੇ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਵਿੱਚ ਐਸੋਸੀਏਸ਼ਨ ਦੀ ਜਿਲਾ ਜੱਥੇਬੰਦੀ ਵੱਲੋਂ ਪੂਰਨ ਸਮਰਥਨ ਅਤੇ ਸਹਿਯੋਗ ਕੀਤਾ ਜਾਵੇਗਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਯਤਨਾਂ ਸਦਕਾ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਲੱਗੀ ਪੈਨਸ਼ਨ ਲੋਕ ਅਦਾਲਤ ਵਿੱਚ ਜੋ ਮਾਮਲੇ ਜੋਰਦਾਰ ਢੰਗ ਨਾਲ ਉਠਾਏ ਗਏ ਸਨ, ਉਹ ਐਸ.ਡੀ.ਐਮ. ਮੈਡਮ ਸਵਰਨਜੀਤ ਕੌਰ ਪੀ.ਸੀ.ਐਸ. ਦੇ ਯਤਨਾਂ ਨਾਲ ਹੱਲ ਹੋ ਗਏ ਸਨ ਜਿਸ ਲਈ ਐਸੋਸੀਏਸ਼ਨ ਐਸ.ਡੀ.ਐਮ. ਮੈਡਮ ਦੀ ਧੰਨਵਾਦੀ ਹੈ। ਪ੍ਰਧਾਨ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਪੈਨਸ਼ਨਰਾਂ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਲਿਖਤੀ ਤੌਰ ’ਤੇ ਜੱਥੇਬੰਦੀ ਦੇ ਧਿਆਨ ਵਿੱਚ ਲਿਆਉਣ ਦੀ ਅਪੀਲ ਕੀਤੀ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਮਈ ਮਹੀਨੇ ਵਿੱਚ ਆਪਣਾ ਜਨਮ ਦਿਨ ਮਨਾਉਣ ਵਾਲੇ ਜਸਵੰਤ ਸਿੰਘ ਬਰਾੜ ਭਾਗਸਰ, ਕਰਨੈਲ ਸਿੰਘ ਬਰਾੜ, ਅਜਮੇਰ ਸਿੰਘ ਅਤੇ ਬਲਰਾਜ ਸ਼ਰਮਾ ਨੂੰ ਐਸੋਸੀਏਸ਼ਨ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ ਗਈ ਅਤੇ ਉਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਨਾਂ ਮੈਂਬਰਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਐਸੋਸੀਏਸ਼ਨ ਦੀ ਆਰਥਿਕ ਮਦਦ ਵੀ ਕੀਤੀ। ਮੀਟਿੰਗ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਮੀਟਿੰਗ ਦੌਰਾਨ ਸੁਖਮੰਦਰ ਸਿੰਘ ਬੇਦੀ, ਕੁਲਦੀਪ ਸਿੰਘ ਜੌੜਾ, ਬੋਹੜ ਸਿੰਘ ਥਾਂਦੇਵਾਲਾ, ਪਿਆਰਾ ਸਿੰਘ ਬਰਾੜ, ਤਰਸੇਮ ਸਿੰਘ, ਗੁਰਜੰਟ ਸਿੰਘ, ਦਿਆਲ ਚੰਦ, ਨਿਰੰਜਣ ਸਿੰਘ, ਸੁਰਿੰਦਰਜੀਤ, ਕਰਨੈਲ ਸਿੰਘ ਬੇਦੀ, ਸੁਖਬੰਸ ਸਿੰਘ ਚਾਹਲ, ਗੁਰਜੰਟ ਸਿੰਘ ਬੱਲਮਗੜ, ਡਿਪਟੀ ਸੁੰਦਰ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਈ ਹੋਰ ਸੇਵਾ ਮੁਕਤ ਕਰਮਚਾਰੀ ਮੌਜੂਦ ਸਨ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਪ੍ਰਧਾਨ ਹਰਦੇਵ ਸਿੰਘ ਮੌਜੂਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ।