ਭਾਜਪਾ ‘ਚ ਮਿਲ ਸਕਦੀ ਹੈ ਜਾਖੜ ਨੂੰ ਵੱਡੀ ਜ਼ਿੰਮੇਵਾਰੀ- ਕਈ ਹੋਰ ਵੱਡੇ ਲੀਡਰਾਂ ਦੇ ਪਾਰਟੀ ਛੱਡਣ ਦੇ ਲੱਗੇ ਕਿਆਸ
ਚੰਡੀਗੜ, 20 ਮਈ – (ਪੰਜਾਬ ਡਾਇਰੀ) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸੀ ਲੀਡਰਾਂ ਦੀਆਂ ਤਰ੍ਹਾਂ ਤਰਾਂ ਦੀ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਹਨ। ਇਸਦੇ ਨਾਲ ਹੀ ਇਹ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਜਾਖੜ ਤੋਂ ਬਾਅਦ ਹੁਣ ਕਾਂਗਰਸ ਦੇ ਕਈ ਵੱਡੇ ਆਗੂ ਕਾਂਗਰਸ ਪਾਰਟੀ ਛੱਡ ਸਕਦੇ ਹਨ।
ਜਾਖੜ ਨੂੰ ਭੇਜਿਆ ਜਾ ਸਕਦਾ ਹੈ ਰਾਜ ਸਭਾ
ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜਾਖੜ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ। ਜਾਖੜ ਨੂੰ ਪੰਜਾਬ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੀ ਪਕੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਕੁਝ ਸਾਬਕਾ ਮੰਤਰੀ ਜੋ ਮੌਜੂਦਾ ਸਰਕਾਰ ਤੋਂ ਨਾਖੁਸ਼ ਹਨ ਨੂੰ ਭਗਵਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ ਜਾ ਸਕਦਾ ਹੈ।
ਸੰਗਰੂਰ ਤੋਂ ਜਾਖੜ ਨੂੰ ਲੜਾਈ ਜਾ ਸਕਦੀ ਹੈ ਜ਼ਿਮਨੀ ਚੋਣ
ਸੰਗਰੂਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਦੀਆਂ ਤਿਆਰੀਆਂ ‘ਤੇ ਭਾਜਪਾ ਪੱਬਾਂ ਭਾਰ ਹੋ ਗਈ ਹੈ। ਪਾਰਟੀ ਇਸ ਉਪ ਚੋਣ ਵਿਚ ਸੁਨੀਲ ਜਾਖੜ ਨੂੰ ਆਪਣਾ ਉਮੀਦਵਾਰ ਬਣਾ ਕੇ ਵੱਡਾ ਬਾਜ਼ੀ ਮਾਰ ਸਕਦੀ ਹੈ। ਜਲਦੀ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸੂਬੇ ਭਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਅਤੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਆਪਣੇ ਫੈਸਲੇ ਬਾਰੇ ਫੀਡਬੈਕ ਲੈਣ ਜਾ ਰਹੀ ਹੈ। ਹੁਣ ਤੱਕ ਕਾਂਗਰਸ ਜਾਖੜ ਨੂੰ ਪੰਜਾਬ ਵਿੱਚ ਹਿੰਦੂ ਚਿਹਰੇ ਵਜੋਂ ਵਰਤਦੀ ਰਹੀ ਹੈ। ਦਸੰਬਰ ਵਿੱਚ ਹੋਣ ਵਾਲੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਕਾਫੀ ਗੰਭੀਰ ਹੈ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਆਪਣੀ ਸਰਗਰਮੀ ਲਗਾਤਾਰ ਜਾਰੀ ਰੱਖੀ ਹੋਈ ਹੈ। ਹਾਲ ਹੀ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਦਲੀਪ ਸੇਕੀਆ ਨੇ ਨਗਰ ਨਿਗਮ ਅਤੇ ਸੰਗਰੂਰ ਉਪ ਚੋਣ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ।