Breaking- ਅਰਪਿਤਾ ਮੁਖਰਜੀ ਦੇ ਘਰ ਰੇਡ ਦੌਰਾਨ ਕਰੋੜਾਂ ਦੀ ਨਕਦੀ ਬਰਾਮਦ
ਕੋਲਕਾਤਾ, 29 ਜੁਲਾਈ – (ਪੰਜਾਬ ਡਾਇਰੀ) ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਸਰਕਾਰ ‘ਚ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ, 27 ਜੁਲਾਈ ਨੂੰ ਕੋਲਕਾਤਾ ਨੇੜੇ ਉੱਤਰੀ 24 ਪਰਗਨਾ ਦੇ ਬੇਲਘਰੀਆ ਸਥਿਤ ਅਰਪਿਤਾ ਮੁਖਰਜੀ ਦੇ ਫਲੈਟ ਤੋਂ 27.90 ਕਰੋੜ ਰੁਪਏ ਨਕਦ ਅਤੇ ਲਗਭਗ 6 ਕਿਲੋ ਸੋਨਾ ਜ਼ਬਤ ਕੀਤਾ।
ਈਡੀ ਅਧਿਕਾਰੀ ਨੇ ਦੱਸਿਆ ਕਿ ਨੋਟਾਂ ਦੀ ਗਿਣਤੀ ਵੀਰਵਾਰ ਸਵੇਰੇ 5.30 ਵਜੇ ਤੱਕ ਜਾਰੀ ਰਹੀ। ਈਡੀ ਨੇ ਇਸ ਤੋਂ ਪਹਿਲਾਂ 22 ਜੁਲਾਈ ਨੂੰ ਅਰਪਿਤਾ ਮੁਖਰਜੀ ਦੇ ਇੱਕ ਹੋਰ ਫਲੈਟ ਤੋਂ 21 ਕਰੋੜ ਰੁਪਏ ਬਰਾਮਦ ਕੀਤੇ ਸਨ। ਪਾਰਥਾ ਚੈਟਰਜੀ ਅਤੇ ਅਰਪਿਤਾ ਮੁਖਰਜੀ ਨੂੰ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ 3 ਅਗਸਤ ਤੱਕ ਈਡੀ ਦੀ ਹਿਰਾਸਤ ਵਿੱਚ ਹਨ।
ਸੂਤਰਾਂ ਮੁਤਾਬਕ ਈਡੀ ਦੀ ਪੁੱਛਗਿੱਛ ਦੌਰਾਨ ਅਰਪਿਤਾ ਮੁਖਰਜੀ ਨੇ ਦਾਅਵਾ ਕੀਤਾ ਕਿ ਮੰਤਰੀ ਹਰ ਹਫ਼ਤੇ ਜਾਂ ਹਰ 10 ਦਿਨਾਂ ਬਾਅਦ ਉਸ ਦੇ ਘਰ ਆਉਂਦਾ ਸੀ। ਅਰਪਿਤਾ ਮੁਖਰਜੀ ਨੇ ਕਥਿਤ ਤੌਰ ‘ਤੇ ਜਾਂਚਕਾਰਾਂ ਨੂੰ ਦੱਸਿਆ ਕਿ ਪਾਰਥ ਨੇ ਮੇਰੇ ਘਰ ਨੂੰ ਇੱਕ ਮਿੰਨੀ ਬੈਂਕ ਵਜੋਂ ਵਰਤਿਆ। ਅਰਪਿਤਾ ਮੁਖਰਜੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਜਾਣ-ਪਛਾਣ ਇਕ ਬੰਗਾਲੀ ਅਦਾਕਾਰ ਨੇ ਪਾਰਥਾ ਚੈਟਰਜੀ ਨਾਲ ਕਰਵਾਈ ਸੀ, ਜੋ 2016 ਤੋਂ ਇਕ-ਦੂਜੇ ਨੂੰ ਜਾਣਦੇ ਸਨ। ਸੂਤਰਾਂ ਮੁਤਾਬਕ ਅਰਪਿਤਾ ਨੇ ਮੰਨਿਆ ਕਿ ਬਰਾਮਦ ਕੀਤੀ ਗਈ ਰਕਮ ਕਾਲਜਾਂ ਦੇ ਟਰਾਂਸਫਰ ਅਤੇ ਮਾਨਤਾ ਦੇ ਰੂਪ ‘ਚ ਸੀ।