Breaking- ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟ੍ਰੀਆਂ, ਡੀਲਰਾਂ ਅਤੇ ਕੋਲੋਨਾਈਜ਼ਰ ਨੇ ਤਹਿਸੀਲ ਲਾਇਆ ਤਾਲਾ
ਲੁਧਿਆਣਾ, 8 ਅਗਸਤ – (ਪੰਜਾਬ ਡਾਇਰੀ) ਪੰਜਾਬ ਭਰ ‘ਚ ਬਿਨਾਂ NOC ਰਜਿਸਟ੍ਰੀਆਂ ਨਾ ਕਰਨ ਦੇ ਮਾਮਲੇ ਵਿਚ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ। ਜਿਸ ਨੂੰ ਲੈ ਕੇ ਹੁਣ ਅੱਜ ਤਹਿਸੀਲਾਂ ਦੇ ਵਿਚ ਕੋਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਵਾ ਦਿੱਤਾ ਅਤੇ ਲੁਧਿਆਣਾ ਸਬ ਤਹਿਸੀਲ ਗਿੱਲ ਰੋਡ ‘ਤੇ ਤਾਲਾ ਲਾ ਕੇ ਅਫ਼ਸਰਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ। ਇਸ ਦੌਰਾਨ ਸਰਕਾਰ ਦੇ ਖਿਲਾਫ ਕੋਲੋਨਾਈਜ਼ਰ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਾਡੀਆਂ ਕੁਝ ਕੁ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਸਰਕਾਰ ਦੇ ਖਿਲਾਫ ਨਿੱਤਰੇ ਨੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਕੁਨੈਕਸ਼ਨ ਸਰਕਾਰ ਨੇ ਬੰਦ ਕਰ ਦਿੱਤੇ।
ਇਸ ਤੋਂ ਇਲਾਵਾ ਜੋ ਕੁਲੇਕਟਰ ਰੇਟ ਵਧਾਏ ਗਏ ਹਨ, ਉਨ੍ਹਾਂ ਨੂੰ ਸਰਕਾਰ ਵਾਪਿਸ ਲਵੇ ਨਾਲ ਹੀ 2022 ਤੱਕ ਜਿੰਨੀਆਂ ਵੀ ਕਲੋਨੀਆਂ ਬਣੀਆਂ ਨੇ ਉਨ੍ਹਾਂ ਨੂੰ ਵਾਜਿਬ ਕੀਮਤਾਂ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਕਾਲੋਨਾਈਜ਼ਰਾਂ ਸਗੋਂ ਪ੍ਰਾਪਰਟੀ ਡੀਲਰ, ਲੈਂਡ ਡੀਲਰ, ਆਮ ਲੋਕ, ਵਸੀਕਾ ਨਵੀਸ, ਵਕੀਲ ਤੇ ਸਟੈਂਪ ਪੇਪਰ ਵੇਚਣ ਵਾਲੇ ਵੀ ਬਹੁਤ ਜਿਆਦਾ ਪ੍ਰੇਸ਼ਾਨ ਹਨ।