11 ਜੂਨ – (ਪੰਜਾਬ ਡਾਇਰੀ) ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ । ਮਾਨ ਸਰਕਾਰ ਨੇ ਆਪਣੇ ਹੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਬਰਖ਼ਾਸਤ ਕਰ ਦਿੱਤਾ ਸੀ ਤੇ ਜੇਲ੍ਹ ਵੀ ਭੇਜਿਆ ।ਉਸ ਤੋਂ ਬਾਅਦ ਕਾਂਗਰਸ ਸਰਕਾਰ ਵਿੱਚ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਅੰਦਰ ਕੀਤਾ ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਸਾਬਕਾ ਪੰਚਾਇਤ ਮੰਤਰੀ ਵੀ ਭ੍ਰਿਸ਼ਟਾਚਾਰ ਦੇ ਦੋਸ਼ਾ ਵਿੱਚ ਫਸਦੇ ਨਜ਼ਰ ਆਉਂਦੇ ਹਨ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰ ਮਿਲਣੀ ਦੌਰਾਨ ਸਾਬਕਾ ਪੰਚਾਇਤ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਇਕ ਪਿੰਡ ਨਾਲ ਸਬੰਧਤ ਸਰਕਾਰੀ ਜ਼ਮੀਨ ਨੂੰ ਜਿੱਥੇ ਨਿਯਮਾਂ ਦੇ ਉਲਟ ਜਾ ਕੇ ਸਸਤੇ ਭਾਅ ‘ਤੇ ਵੇਚਿਆ ਗਿਆ ਹੈ ਅਤੇ ਇਹ ਸਭ ਕੁਝ ਉਸ ਵੇਲੇ ਕੀਤਾ ਗਿਆ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਮਾਰਚ ਨੂੰ ਆਉਂਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੁੰਦੀ ਹੈ, ਦੂਜੇ ਪਾਸੇ 11 ਮਾਰਚ ਨੂੰ ਚੋਣ ਜਾਬਤੇ ਦੌਰਾਨ ਸਾਬਕਾ ਪੰਚਾਇਤ ਮੰਤਰੀ ਵਲੋਂ ਦਸਤਖ਼ਤ ਕਰਕੇ ਸਰਕਾਰੀ ਜ਼ਮੀਨ ਵੇਚ ਦਿੱਤੀ ਗਈ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ’ਤੇ ਪਿੰਡ ਭਗਤਪੁਰਾ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਏ ਹਨ।
ਘਪਲੇ ਦੇ ਇਲਜ਼ਾਮ ਲਗਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਗੋਲਡਨ ਗੇਟ ਨੇੜੇ ਸਥਿਤ ਅਲਫ਼ਾ ਇੰਟਰਨੈਸ਼ਨਲ ਸਿਟੀ ਕਲੋਨੀ ਵਿੱਚ ਪੰਚਾਇਤ ਦੀ 32 ਕਨਾਲ 16 ਮਰਲੇ ਜ਼ਮੀਨ 1 ਕਰੋੜ 25 ਲੱਖ ਰੁਪਏ ਵਿੱਚ ਵਿਕੀ ਜਦੋਂਕਿ ਇਸ ਦੀ ਕੁੱਲ ਕੀਮਤ ਸਾਢੇ ਸੱਤ ਕਰੋੜ ਪ੍ਰਤੀ ਏਕੜ ਬਣਦੀ ਹੈ। ਇਸ ‘ਚ ਕਰੀਬ 28 ਕਰੋੜ ਦਾ ਘਪਲਾ ਹੋਇਆ ਹੈ।