Big News – ਪੰਜਾਬੀ ਫਿਲਮ “ਪੱਗ” ਦੀ ਸ਼ੂਟਿੰਗ ਹੋਈ ਪੂਰੀ, ਫ਼ਿਲਮ ਦਾ ਟ੍ਰੇਲਰ ਅਗਲੇ ਹਫਤੇ ਰਿਲੀਜ਼ ਹੋਵੇਗਾ
ਫਰੀਦਕੋਟ, 10 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬੀ ਫ਼ਿਲਮ ਉਦਯੋਗ ਇਸ ਸਮੇਂ ਪੂਰੇ ਜੋਬਨ ਤੇ ਹੈ । ਬਹੁਤ ਸਾਰੇ ਨਵੇਂ ਕਲਾਕਾਰ, ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦੋਂ ਵੀ ਪੰਜਾਬੀ ਫ਼ਿਲਮਾਂ ਦੀ ਗੱਲ ਹੁੰਦੀ ਹੈ ਤਾਂ ਮਾਲਵੇ ਖਿੱਤੇ ਦਾ ਨਾਮ ਹਮੇਸ਼ਾ ਮਾਣ ਨਾਲ ਲਿਆ ਜਾਂਦਾ ਹੈ, ਕਿਉਂਕਿ ਇਸ ਖੇਤਰ ਵਿੱਚੋਂ ਬਹੁਤ ਸਾਰੇ ਨਾਮੀ ਅਦਾਕਾਰ, ਲੇਖਕ, ਨਿਰਦੇਸ਼ਕ, ਪ੍ਰੋਡਿਊਸਰ ਆਦਿ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਛਾਪ ਛੱਡੀ ਹੈ । ਇਸ ਤਰ੍ਹਾਂ ਲਗਭਗ ਪਿਛਲੇ 3 ਸਾਲਾਂ ਤੋਂ ਫ਼ਰੀਦਕੋਟ ਵਿਚ ਸਰਤਾਜ ਢਿੱਲੋਂ ਅਤੇ ਜੱਗਾ ਸ਼ੇਰਗਿੱਲ ਆਪਣੇ ਰੰਗਕਰਮੀ ਸਾਥੀਆਂ ਨਾਲ ਮਿਲ ਕੇ ਪੰਜਾਬੀ ਫ਼ਿਲਮਾਂ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ, ਸਿਕੰਦਰ ਵਣਜਾਰਾ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ ”ਪੱਗ” ਜਿਸਦੀ ਸ਼ੂਟਿੰਗ ਫ਼ਰੀਦਕੋਟ ਤੇ ਆਸ ਪਾਸ ਦੇ ਪਿੰਡਾਂ ਵਿੱਚ ਹੋਈ ਹੈ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਧਾਲੀਵਾਲ ਫ਼ਿਲਮ ਪ੍ਰੋਡਕਸ਼ਨ ਹਾਊਸ ਵੱਲੋਂ ਕੀਤਾ ਗਿਆ ਹੈ । ਫਿਲਮ ਦੇ ਪ੍ਰੋਡਿਊਸਰ ਸਰਤਾਜ ਢਿੱਲੋਂ ਅਤੇ ਜੱਗਾ ਸ਼ੇਰਗਿੱਲ ਜੀ ਨੇ ਦੱਸਿਆ ਕੇ ਮਿੰਟੂ ਮਲਵਈ, ਹਰਪ੍ਰੀਤ ਧਾਲੀਵਾਲ ਤੇ ਜੱਗਾ ਸ਼ੇਰਗਿੱਲ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਇਹਨਾਂ ਤੋਂ ਇਲਾਵਾ ਪਰਮਜੀਤ ਭੱਟੀ, ਸਰਬਜੀਤ ਸਰਬ, ਸ਼ਰਨ ਸੋਲਾਂਕੀ, ਸਰਤਾਜ ਢਿੱਲੋਂ, ਬੀ. ਐਸ. ਕੋਹਾਰ, ਪਿੰਕਾ ਸੰਧੂ, ਗੁਰਤੇਜ ਪੱਖੀ ਆਦਿ ਕਲਾਕਾਰਾਂ ਨੇ ਵੀ ਭੂਮਿਕਾ ਨਿਭਾਈ ਹੈ । ਸਰਤਾਜ ਢਿੱਲੋਂ ਜੀ ਨੇ ਦੱਸਿਆ ਕੇ ਫਿਲਮ “ਪੱਗ” ਅਪ੍ਰੈਲ ਦੇ ਅਖੀਰ ਤਕ ਦਰਸ਼ਕਾਂ ਦੇ ਰੂ-ਬਰੂ ਕਰਾਂਗੇ, ਫ਼ਿਲਮ ਦਾ ਟ੍ਰੇਲਰ ਅਗਲੇ ਹਫਤੇ ਰਿਲੀਜ਼ ਹੋਵੇਗਾ । ਉਹਨਾਂ ਦੱਸਿਆ ਕੇ ਮਈ ਦੇ ਮਹੀਨੇ ਉਹਨਾਂ ਦੀ ਪ੍ਰੋਡਕਸ਼ਨ ਹੇਠ ਇਕ ਹੋਰ ਫ਼ਿਚਰ ਫ਼ਿਲਮ ਆ ਰਹੀ ਹੈ, ਜਿਸਦਾ ਪੋਸਟਰ ਉਹ ਜਲਦੀ ਸਾਂਝਾ ਕਰਨਗੇ ।