Image default
ਤਾਜਾ ਖਬਰਾਂ

Big News-ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਘਰ ਬੈਠੇ ਹੀ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਸ਼ੁਰੂ ਕੀਤੀ

14 ਜੂਨ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਖੱਜਲ ਖ਼ੁਆਰੀ ਤੋਂ ਬਚਾਉਣ ਲਈ ਅੱਜ ਆਨਲਾਈਨ ਡਰਾਇਵਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਤੁਸੀਂ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ, ਜਾਂ ਲੈਪਟਾਪ ਤੇ ਸਿਰਫ ਇੱਕ ਕਲਿੱਕ ਕਰਕੇ ਆਪਣਾ ਲਰਨਿੰਗ ਡਰਾਈਵਿੰਗ ਲਾਇਸੈਂਸ ਲੈ ਸਕੋਂਗੇ।
ਮੁੱਖ ਮੰਤਰੀ ਨੇ ਨਵੇਂ ਪੋਰਟਲ www.sarathi.parivahan.gov.in ਦੀ ਸ਼ੁਰੂਆਤ ਕਰਦਿਆਂ ਕਿਹਾ, “ਇਹ ਇਕ ਇਤਿਹਾਸਕ ਕਦਮ ਹੈ ਜਿਸ ਨਾਲ ਚਾਹਵਾਨ ਲੋਕ ਲਰਨਿੰਗ ਡਰਾਈਵਿੰਗ ਲਾਇਸੰਸ ਸੌਖਿਆ ਹੀ ਆਪਣੇ ਘਰਾਂ ਵਿੱਚ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਹੁਣ ਆਰ.ਟੀ.ਏ. ਦਫ਼ਤਰਾਂ/ਟਰੈਕਾਂ ‘ਤੇ ਜਾਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਘਰ ਬੈਠੇ ਹੀ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਦੀ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਲੋਕ ਚਾਹੁਣ ਤਾਂ ਸੁਵਿਧਾ ਕੇਂਦਰ ਵਿਖੇ ਵੀ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਦੇ ਸਮੇਂ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜਿਸ ਤੋਂ ਬਾਅਦ ਉਹ ਆਨਲਾਈਨ ਲਰਨਿੰਗ ਲਾਇਸੈਂਸ ਟੈਸਟ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਲਾਇਸੈਂਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਜਿਨ੍ਹਾਂ ਨੂੰ ਪਹਿਲਾਂ ਲਾਇਸੈਂਸ ਲੈਣ ਲਈ ਲੰਮੀਆਂ ਕਤਾਰਾਂ ‘ਚ ਖੜ੍ਹਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021-22 ਵਿੱਚ 5.21 ਲੱਖ ਬਿਨੈਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਆਨਲਾਈਨ ਸਹੂਲਤ ਦੇ ਸ਼ੁਰੂ ਹੋਣ ਨਾਲ 5 ਲੱਖ ਤੋਂ ਵੱਧ ਬਿਨੈਕਾਰ ਆਰ.ਟੀ.ਏ. ਦਫ਼ਤਰਾਂ ਵਿੱਚ ਜਾਣ ਤੋਂ ਬਿਨਾਂ ਆਪਣੇ ਲਾਇਸੈਂਸ ਨਿਰਵਿਘਨ ਅਤੇ ਬਿਨਾਂ ਕਿਸੇ ਦਿੱਕਤ ਤੋਂ ਪ੍ਰਾਪਤ ਕਰਨਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰੀਨ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ।

Related posts

Breaking News- ਖੇਤੀਬਾੜੀ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਡਰਾਅ ਕੱਢਿਆ

punjabdiary

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼; ਇੱਕ ਕਿੱਲੋ ਆਈਸ, ਇੱਕ ਕਿੱਲੋ ਹੈਰੋਇਨ ਸਮੇਤ ਤਿੰਨ ਕਾਬੂ

Balwinder hali

ਸ਼ਹੀਦ -ਏ- ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਕੋਟਕਪੂਰਾ ਵਿਖੇ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਸਮਾਗਮ ਅੱਜ

punjabdiary

Leave a Comment