Big News- ਮੈਰਿਜ਼ ਪੈਲੇਸਾਂ ‘ਚ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ ਜਾਰੀ
ਐਸ.ਏ.ਐਸ ਨਗਰ, 2 ਜੁਲਾਈ – (ਪੰਜਾਬ ਡਾਇਰੀ) ਜ਼ਿਲ੍ਹਾ ਮੈਜਿਸਟਰੇਟ ਐਸ.ਏ.ਐਸ ਨਗਰ ਅਮਿਤ ਤਲਵਾੜ ਵੱਲੋਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧਿਆਨ ਵਿੱਚ ਆਇਆ ਹੈ ਕਿ ਵਿਆਹ ਦੇ ਨਿਰਧਾਰਤ ਸਥਾਨਾਂ ਜਾਂ ਹੋਰ ਫੰਕਸ਼ਨਾਂ ਵਿੱਚ ਆਮ ਲੋਕ ਅਸਲਾ ਲੈ ਕੇ ਆਉਂਦੇ ਹਨ ਤੇ ਗੋਲੀਬਾਰੀ ਕਰ ਦਿੰਦੇ ਹਨ।
ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਇਸ ਲਈ ਜ਼ਿਲ੍ਹੇ ਵਿੱਚ ਸਥਿਤ ਮੈਰਿਜ਼ ਪੈਲੇਸਾਂ ਵਿੱਚ ਵਿਆਹਾਂ ਜਾਂ ਹੋਰ ਫੰਕਸ਼ਨਾਂ ਵਿੱਚ ਅਸਲਾ ਲੈ ਕੇ ਜਾਣ ਉਪਰ ਪਾਬੰਦੀ ਲਾਉਣੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ 29 ਅਗਸਤ ਤੱਕ ਲਾਗੂ ਰਹਿਣਗੇ।