ਲਖਨਊ, 17 ਜੂਨ – (ਪੰਜਾਬ ਡਾਇਰੀ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹੋਏ ਕਤਲ ਕਾਂਡ ਵਿੱਚ ਹਰ ਲੰਘਦੇ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ। PUBG ਦੀ ਕਹਾਣੀ ਹੁਣ ਇੱਕ ਨਵੇਂ ਮੋੜ ‘ਤੇ ਪਹੁੰਚ ਗਈ ਹੈ। ਨਾਬਾਲਗ ਪੁੱਤਰ ਹੁਣ ਘਰ ਵਿੱਚ ‘ਤੀਜੇ ਵਿਅਕਤੀ’ ਦੇ ਦਾਖ਼ਲ ਹੋਣ ਕਾਰਨ ਮਾਂ ਦੀ ਹੱਤਿਆ ਨੂੰ ਜਾਇਜ਼ ਠਹਿਰਾ ਰਿਹਾ ਹੈ।
ਹਾਲਾਂਕਿ ਹੁਣ ਤੱਕ ਬੱਚਾ ਕਹਿ ਰਿਹਾ ਸੀ ਕਿ ਜ਼ਿਆਦਾ ਟੋਕਾ ਟਾਕੀ ਤੋਂ ਤੰਗ ਆ ਕੇ ਉਸ ਨੇ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ। ਤਾਜ਼ਾ ਖੁਲਾਸੇ ਅਨੁਸਾਰ ਨਾਬਾਲਗ ਨੂੰ ਆਪਣੀ ਮਾਂ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਬੱਚੇ ਨੇ ਬਾਲ ਘਰ ਦੇ ਮੈਜਿਸਟ੍ਰੇਟ ਨੂੰ ਕਿਹਾ ਕਿ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੈ। ਜਾਣਕਾਰੀ ਮੁਤਾਬਕ ਲਖਨਊ ਦੇ ਪੀ.ਜੀ.ਆਈ ਥਾਣਾ ਖੇਤਰ ਦੇ ਇਕ ਨਾਬਾਲਗ ਨੇ ਆਪਣੀ ਮਾਂ ਸਾਧਨਾ ਦਾ ਸਿਰਫ ਇਸ ਲਈ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਿ ਉਹ ਉਸ ਨੂੰ ਮੋਬਾਈਲ ਗੇਮ ਖੇਡਣ ਤੋਂ ਵਰਜਦੀ ਸੀ। ਸਮਾਂ ਬੀਤਦਾ ਗਿਆ, ਹੌਲੀ-ਹੌਲੀ ਕੇਸ ਅੱਗੇ ਵਧਿਆ ਤਾਂ ਇਸ ਵਿਚ ਨਵੇਂ-ਨਵੇਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਅਤੇ ਹੁਣ ਇਸ ਮਾਮਲੇ ਵਿਚ ਇਕ ਤੀਜਾ ਵਿਅਕਤੀ ਦਾਖਿਲ ਹੋ ਗਿਆ ਹੈ, ਜਿਸ ਦੀ ਵਜ੍ਹਾ ਕਾਰਨ ਕਤਲ ਦੀ ਸਾਰੀ ਯੋਜਨਾ ਤਿਆਰ ਕੀਤੀ ਗਈ ਸੀ।
ਬਾਲ ਕਲਿਆਣ ਕਮੇਟੀ (ਸੀਡਬਲਯੂਸੀ) ਦੀ ਪੁੱਛ-ਗਿੱਛ ‘ਚ ਦੋਸ਼ੀ ਨਾਬਾਲਗ ਪੁੱਤਰ ਨੇ ਦੱਸਿਆ, ”ਜਦੋਂ ਪਾਪਾ ਨਹੀਂ ਹੁੰਦੇ ਸਨ ਤਾਂ ਪ੍ਰਾਪਰਟੀ ਡੀਲਰ ਅੰਕਲ ਮਾਂ ਨੂੰ ਮਿਲਣ ਆਇਆ ਕਰਦਾ ਸੀ। ਇਹ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਦਾ ਸੀ। ਮੈਂ ਇੱਕ ਦਿਨ ਆਪਣੇ ਪਿਤਾ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਮਾਤਾ-ਪਿਤਾ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਬਹੁਤ ਮਾਰਿਆ। ਉਦੋਂ ਤੋਂ ਮੇਰਾ ਦਿਲ ਗੁੱਸੇ ਨਾਲ ਭਰ ਗਿਆ ਸੀ।
“ਪ੍ਰਾਪਰਟੀ ਡੀਲਰ ਅੰਕਲ ਇੱਕ ਦਿਨ ਰਾਤ ਦੇ ਖਾਣੇ ਲਈ ਘਰ ਆਇਆ। ਮੈਨੂੰ ਇਹ ਸਭ ਚੰਗਾ ਨਹੀਂ ਲੱਗਿਆ ਅਤੇ ਉਸ ਰਾਤ ਮੈਂ ਖਾਣਾ ਨਹੀਂ ਖਾਧਾ। ਜਿਸ ਦੀ ਮੈਂ ਫਿਰ ਆਪਣੇ ਪਾਪਾ ਨੂੰ ਸ਼ਿਕਾਇਤ ਕਰ ਦਿੱਤੀ। ਇਸ ਕਾਰਨ ਮੇਰੀ ਮਾਂ ਨੇ ਮੇਰਾ ਫ਼ੋਨ ਖੋਹ ਲਿਆ ਅਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਨੂੰ ਇਹ ਸਭ ਪਸੰਦ ਨਹੀਂ ਹੈ। ਤਾਂ ਪਿਤਾ ਨੇ ਕਿਹਾ, ‘ਜੇ ਮੈਂ ਉਥੇ ਹੁੰਦਾ ਤਾਂ ਪਿਸਤੌਲ ਚੁੱਕ ਕੇ ਗੋਲੀ ਮਾਰ ਦਿੰਦਾ। ’ਮੈਂ ਇਹ ਸੁਣ ਕੇ ਕਿਹਾ, ਮੈਂ ਕੀ ਕਰਾਂ ? ਪਾਪਾ ਨੇ ਕਿਹਾ- ‘ਜੋ ਤੇਰੇ ਮਨ ਵਿੱਚ ਹੈ, ਤੂੰ ਉਹੀ ਕਰ।’ ਕੁਝ ਦਿਨਾਂ ਬਾਅਦ ਮਾਂ ਦੇ (10 ਹਜ਼ਾਰ ਰੁਪਏ) ਗਾਇਬ ਹੋ ਗਏ। ਜਿਹੜੇ ਮੈਂ ਨਹੀਂ ਲਏ ਸਨ, ਪਰ ਫਿਰ ਵੀ ਮੈਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਮੈਂ ਲਹੂ ਦਾ ਘੁੱਟ ਭਰ ਕੇ ਰਹਿ ਗਿਆ। ਮਾਂ ਨੇ ਮੈਨੂੰ ਖਾਣਾ ਵੀ ਨਹੀਂ ਦਿੱਤਾ। ਮੈਂ ਸਾਰੀ ਰਾਤ ਭੁੱਖਾ ਰਿਹਾ। ਫਿਰ ਮੈਂ ਸੋਚਿਆ ਕਿ ਹੁਣ ਮੈਂ ਉਦੋਂ ਹੀ ਖਾਣਾ ਖਾਵਾਂਗਾ ਜਦੋਂ ਮੈਂ ਇਸ ਦਾ ਬਦਲਾ ਲਵਾਂਗਾ। ਉਸ ਤੋਂ ਬਾਅਦ ਅਸੀਂ ਤਿੰਨੋਂ (ਮਾਂ, ਛੋਟੀ ਭੈਣ ਅਤੇ ਦੋਸ਼ੀ ਖੁਦ) ਰਾਤ ਨੂੰ ਸੌਂ ਗਏ। ਮੈਂ ਉੱਠਿਆ, ਆਪਣੀ ਪਿਸਤੌਲ ਕੱਢੀ ਅਤੇ ਮੇਰੀ ਮਾਂ ਨੂੰ ਗੋਲੀ ਮਾਰ ਦਿੱਤੀ।
“ਪਾਪਾ ਨੂੰ ਸਭ ਕੁਝ ਪਤਾ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ। ਪਾਪਾ ਨੂੰ ਵੀ ਗੁੱਸਾ ਆਉਂਦਾ ਸੀ, ਪਰ ਕਰ ਕੁਝ ਨਹੀਂ ਸਕਦੇ ਸਨ। ਫਿਰ ਮੈਂ ਹੀ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ। ਇਸ ਲਈ ਪਾਪਾ ਨੇ ਮੈਨੂੰ ਫ਼ੋਨ ‘ਤੇ ਕਿਹਾ, ….ਤੂੰ ਆਪਣੀ ਮਾਂ ਨੂੰ ਮਾਰ ਦਿੱਤਾ ? ਪਰ ਘਰ ਵਿੱਚ ਹੁਣ ਬਹੁਤ ਸ਼ਾਂਤੀ ਹੈ।
ਜ਼ਿਕਰਯੋਗ ਹੈ ਕਿ ਲਖਨਊ ਦੇ ਪੀ.ਜੀ.ਆਈ ਥਾਣਾ ਖੇਤਰ ਦੀ ਯਮੁਨਾਪੁਰਮ ਕਾਲੋਨੀ ‘ਚ 4 ਜੂਨ ਨੂੰ 16 ਸਾਲਾ ਲੜਕੇ ਨੇ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਉਸ ਦੀ ਲਾਸ਼ ਨੂੰ ਦੋ ਦਿਨ ਤੱਕ ਕਮਰੇ ‘ਚ ਬੰਦ ਰੱਖਿਆ, ਫਿਰ ਮੰਗਲਵਾਰ ਨੂੰ ਪੱਛਮੀ ਬੰਗਾਲ ‘ਚ ਆਸਨਸੋਲ ‘ਚ ਤਾਇਨਾਤ ਆਪਣੇ ਫੌਜੀ ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਸਮੇਂ ਲੜਕੇ ਦੀ 9 ਸਾਲਾ ਭੈਣ ਵੀ ਘਰ ਵਿੱਚ ਹੀ ਸੀ। ਲੜਕੇ ਨੇ ਉਸ ਨੂੰ ਧਮਕੀਆਂ ਦੇ ਕੇ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮਾਂ ਦੀ ਲਾਸ਼ ‘ਚੋਂ ਨਿਕਲਣ ਵਾਲੀ ਬਦਬੂ ਨੂੰ ਛੁਪਾਉਣ ਲਈ ਰੂਮ ਫਰੈਸ਼ਨਰ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਦੱਸਿਆ ਜਾ ਰਿਹਾ ਸੀ ਕਿ ਨਾਬਾਲਗ ਆਨਲਾਈਨ ਗੇਮ PUBG ਦਾ ਆਦੀ ਸੀ। ਮਾਂ ਉਸਨੂੰ ਗੇਮਿੰਗ ਲਈ ਰੋਕਦੀ ਸੀ, ਇਸ ਲਈ ਰੋਕਾ ਤੋਕੀ ਤੋਂ ਪਰੇਸ਼ਾਨ ਹੋ ਕੇ ਉਸਨੇ ਉਸਨੂੰ ਮਾਰ ਦਿੱਤਾ। ਨਾਬਾਲਗ ਨੇ ਆਪਣੀ ਮਾਂ ਨੂੰ ਗੋਲੀ ਮਾਰਨ ਲਈ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਦੀ ਵਰਤੋਂ ਕੀਤੀ ਸੀ।