Breaking- ਅਧਿਅਪਕਾ ਨੇ ਆਪਣੇ ਅਸਤੀਫੇ ਵਿਚ ਲਿਖਿਆ, ਜੋ 6000 ਰੁਪਏ ਮੈਨੂੰ ਤਨਖਾਹ ਮਿਲਦੀ ਸੀ ਉਹ ਹੁਣ ਮੁੱਖ ਮੰਤਰੀ ਗੁਜਰਾਤ ਦੇ ਪ੍ਰਚਾਰ ਤੇ ਲਾ ਦੇਣ ਇਸ ਨਾਲ ਖਜ਼ਾਨੇ ਤੇ ਘੱਟ ਬੋਝ ਪਵੇਗਾ
ਧੂਰੀ, 5 ਦਸੰਬਰ – ਪੰਜਾਬ ਵਿਚ ਕੱਚੇ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਕਾਫੀ ਪਰੇਸ਼ਾਨ ਚੱਲ ਰਹੇ ਹਨ ਉਹ ਏਨੇ ਪ੍ਰੇਸ਼ਾਨ ਅਤੇ ਦੁਖੀ ਹੋ ਗਏ ਹਨ ਕਿ ਉਨ੍ਹਾਂ ਨੇ ਹੁਣ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਦਿੱਤਾ ਗਿਆ ਇਹ ਅਸਤੀਫ਼ਾ ਵੀ ਕੁੱਝ ਵੱਖਰਾ ਹੈ। ਇਸ ਵਿਚ ਅਧਿਆਪਕਾ ਨੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਮੁੱਖ ਮੰਤਰੀ ਜੀ ਤੁਸੀਂ ਮੇਰੀ ਤਨਖ਼ਾਹ ਗੁਜਰਾਤ ਦੇ ਪ੍ਰਚਾਰ ਉੱਪਰ ਖ਼ਰਚ ਕਰ ਲਉ, ਇਸ ਨਾਲ ਸਰਕਾਰੀ ਖ਼ਜਾਨੇ ਤੇ ਭਾਰ ਘੱਟ ਪਵੇਗਾ।
ਤੁਹਾਨੂੰ ਦੱਸਣ ਵਾਲੀ ਗੱਲ ਹੈ ਕਿ ਪੰਜਾਬ ਅੰਦਰ ਕੱਚੇ ਅਧਿਆਪਕ ਪੱਕੀ ਨੌਕਰੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਬੀਪੀਓ ਧੂਰੀ ਨੂੰ ਲਿਖੇ ਆਪਣੇ ਅਸਤੀਫ਼ੇ ਵਿਚ ਬਲਜਿੰਦਰ ਕੌਰ ਨੇ ਕਿਹਾ ਕਿ, ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦੋਹਲੇ ਸਕੂਲ ਵਿਚ ਬਤੌਰ ਈਜੀਐਸ ਵਲੰਟੀਅਰ ਸੇਵਾ ਨਿਭਾ ਰਹੀ ਹਾਂ। ਮੈਂ 18 ਸਾਲਾਂ ਤੋਂ ਧੂਰੀ (ਦੋਹਲਾ) ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੈ, ਵਿਖੇ ਸੇਵਾ ਨਿਭਾ ਰਹੀ ਹਾਂ।
ਬਲਜਿੰਦਰ ਕੌਰ ਨੇ ਲਿਖਿਆ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ, ਮੈਂ ਸਰਕਾਰ ਦੇ ਮਾੜੇ ਰਵਈਏ ਤੋਂ ਕਾਫੀ ਸਮੇਂ ਤੋਂ ਡਿਪਰੈਸ਼ਨ ਵਿਚ ਹਾਂ, ਜਿਸ ਦਾ ਕਾਰਨ ਹੈ ਕਿ, ਸਾਡੀ ਤਨਖ਼ਾਹ 6000 ਰੁਪਏ ਪ੍ਰਤੀ ਮਹੀਨਾ ਹੈ। ਉਸ ਨਾਲ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ, ਇਸ 6000 ਰੁਪਏ ਤਨਖ਼ਾਹ ਨਾਲ ਤਾਂ ਸਾਡੀ ਦੋ ਵਕਤ ਦੀ ਰੋਟੀ ਵੀ ਨਹੀਂ ਪਕਦੀ, ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਰਹਿੰਦੀ ਹਾਂ।
ਬਲਜਿੰਦਰ ਕੌਰ ਨੇ ਲਿਖਿਆ ਕਿ, ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਜੋ ਮੈਨੂੰ ਨਾ-ਮਾਤਰ ਤਨਖ਼ਾਹ ਮਿਲਦੀ ਹੈ, ਉਹ ਆਪ ਗੁਜਰਾਤ ਦੇ ਦੌਰਿਆਂ ‘ਤੇ ਖ਼ਰਚ ਕਰੋ ਅਤੇ ਖ਼ਜ਼ਾਨੇ ਦਾ ਭਾਰ ਘਟਾਓ ਅਤੇ ਮੇਰਾ ਅਸਤੀਫ਼ਾ ਮਨਜ਼ੂਰ ਕਰੋ।