Breaking- ਅਹਿਮ ਖ਼ਬਰ – ਹੁਣ ਟੈੱਟ ਪਾਸ ਅਧਿਆਪਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਾਇਸ਼ ਨੂੰ ਘੇਰਨ ਦਾ ਐਲਾਨ ਕੀਤਾ
ਸੰਗਰੂਰ, 7 ਫਰਵਰੀ – (ਬਾਬੂਸ਼ਾਹੀ ਬਿਊਰੋ) ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਨੇ ਜਲਦ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਜ਼ੋ ਕਿ ਸਿੱਖਿਆ ਢਾਂਚੇ ਵਿੱਚ ਸੁਧਾਰਾਂ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਈ ਹੈ, ਉਹ ਲਗਾਤਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਭੱਜ ਰਹੀ ਹੈ। ਉਹਨਾਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਉਹਨਾਂ ਦੀ ਯੂਨੀਅਨ ਨੇ 14 ਜਨਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੰਭੀਰਪੁਰ ਵਿਖੇ ਕੋਠੀ ਦਾ ਘਿਰਾਓ ਕਰਨਾ ਸੀ, ਪਰ ਆਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਦੁਬਾਰਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ 26 ਜਨਵਰੀ ਤੋਂ ਪਹਿਲਾਂ ਤੁਹਾਡੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਕੇ ਤੁਹਾਡੀਆਂ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ ਪਰ ਅਫਸੋਸ ਆਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਨੇ ਸਾਡੀ ਜੱਥੇਬੰਦੀ ਦੀ ਸਿੱਖਿਆ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕਰਵਾਈ। ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਸਾਹਿਬ ਦੁਆਰਾ ਸਾਡੀ ਜੱਥੇਬੰਦੀ ਦੀ ਮੀਟਿੰਗ ਲਿਖਤੀ ਰੂਪ ਵਿੱਚ 13 ਫਰਵਰੀ ਨੂੰ ਤੈਅ ਕਰਵਾਈ ਗਈ ਹੈ ਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਡਰ ਹੈ ਕਿ ਕਿਤੇ ਪਹਿਲਾਂ ਵਾਂਗ ਹੀ 13 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵੀ ਅੱਗੇ ਨਾ ਪਾ ਦਿੱਤੀ ਜਾਵੇ।
ਇਸ ਲਈ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜੇ 13 ਫਰਵਰੀ ਨੂੰ ਉਹਨਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਨਹੀ ਹੁੰਦੀ ਜਾਂ ਫਿਰ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਤੁਰੰਤ ਬਾਅਦ ਸਿੱਖਿਆਂ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ ਕੱਢਕੇ ਉਹਨਾਂ ਦੀ ਕੋਠੀ ਦਾ ਘਿਰਾਓ ਕਰਨਗੇ।
ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਸਟਰ ਕੇਡਰ ਦੀ ਜਲਦ ਵੱਡੀ ਗਿਣਤੀ ਵਿੱਚ ਨਵੀਂ ਭਰਤੀ ਦਿੱਤੀ ਜਾਵੇ ਜਿਸ ਵਿੱਚ ਪੰਜਾਬੀ, ਸਮਾਜਿਕ ਸਿੱਖਿਆ ਤੇ ਹਿੰਦੀ ਵਿਸ਼ਿਆਂ ਦੀਆਂ ਵੱਧ ਗਿਣਤੀ ਵਿੱਚ ਪੋਸਟਾਂ ਦਿੱਤੀਆਂ ਜਾਣ, ਨੌਕਰੀ ਲਈ ਬੀ.ਏ ਵਿੱਚੋਂ ਲਾਈ ਗਈ 55% ਦੀ ਨਜਾਇਜ਼ ਸ਼ਰਤ ਨੂੰ ਰੱਦ ਕੀਤਾ ਜਾਵੇ, ਲੈਕਚਰਾਰ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕੀਤਾ ਜਾਵੇ, ਪੰਜਾਬੀ ਵਿਸ਼ੇ ਦਾ ਪੇਪਰ ਕੇਵਲ ਦੂਜੇ ਰਾਜਾਂ ਦੇ ਉਮੀਦਵਾਰਾਂ ਤੋਂ ਲਿਆ ਜਾਵੇ।
ਆਗੂਆਂ ਨੇ ਕਿਹਾ ਕਿ ਜੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਯੂਨੀਅਨ ਦੀਆਂ ਇਹਨਾਂ ਮੰਗਾਂ ਸੰਬੰਧੀ 13 ਫਰਵਰੀ ਨੂੰ ਉਹਨਾਂ ਨਾਲ ਮੀਟਿੰਗ ਨਹੀਂ ਕਰਦੇ ਤਾਂ ਤੁਰੰਤ ਬਾਅਦ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਹਰ ਥਾਂ ਸਿੱਖਿਆ ਮੰਤਰੀ ਨੂੰ ਘੇਰਿਆ ਜਾਵੇਗਾ।
ਇਸ ਮੌਕੇ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ, ਸੂਬਾ ਖ਼ਜ਼ਾਨਚੀ ਹਰਵਿੰਦਰ ਬਠਿੰਡਾ, ਜਰਨਲ ਸਕੱਤਰ ਗਗਨਦੀਪ ਕੌਰ ਗਰੇਵਾਲ, ਮੀਤ ਪ੍ਰਧਾਨ ਮੁਨੀਸ਼ ਫਾਜ਼ਿਲਕਾ, ਸੁਖਪਾਲ ਖਾਨ, ਜਗਸੀਰ ਸਿੰਘ ਜਲੂਰ, ਜਗਤਾਰ ਸਿੰਘ, ਸੰਦੀਪ ਸਿੰਘ ਮੋਫ਼ਰ, ਹਰਦੀਪ ਕੌਰ, ਹਰਪ੍ਰੀਤ ਫਿਰੋਜ਼ਪੁਰ, ਬਲਰਾਜ ਮੌੜ, ਰੰਗਾਂ ਘੁਬਾਇਆ ਆਦਿ ਹਾਜ਼ਰ ਸਨ।