Breaking- ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਲਏ ਫ਼ੈਸਲੇ ਦੀ ਨਿਕਲੀ ਫੂਕ
ਜਲੰਧਰ, 1 ਅਗਸਤ – (ਪੰਜਾਬ ਡਾਇਰੀ) ਪੰਜਾਬ ਸਰਕਾਰ ਨੇ ਸਰਕਾਰੀ ਕੰਮਕਾਜ ਵਿੱਚ ਅਸ਼ਟਾਮ ਪੇਪਰਾਂ ਦੀ ਵਰਤੋਂ ਉਤੇ ਮੁਕੰਮਲ ਰੋਕ ਲਗਾ ਕੇ ਅੱਜ ਤੋਂ ਪੰਜਾਬ ਵਿੱਚ ਈ ਸਟੈਂਪਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਬੇ ਭਰ ਵਿੱਚ ਅੱਜ ਤੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਸ਼ੁਰੂ ਹੋ ਗਈ ਹੈ। ਇਸ ਨਾਲ ਕਾਗਜ਼ੀ ਸਟੈਂਪ ਪੇਪਰਾਂ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਸੋ ਅੱਜ ਭਾਵ 1 ਅਗਸਤ ਤੋਂ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਮਿਲਣੇ ਸ਼ੁਰੂ ਹੋ ਗਏ ਹਨ। ਪਰ ਸਰਕਾਰ ਦਾ ਇਹ ਫ਼ੈਸਲਾ ਲੋਕਾਂ ਨੂੰ ਰਾਸ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ।
ਪੰਜਾਬ ਸਰਕਾਰ ਦੇ ਅਸ਼ਟਾਮ ਪੇਪਰਾਂ ਦੀ ਵਰਤੋਂ ਉਤੇ ਰੋਕ ਕੇ ਈ-ਸਟੈਂਪਿੰਗ ਦੀ ਸ਼ੁਰੂਆਤ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਫੂਕ ਨਿਕਲ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਫ਼ੈਸਲੇ ਉਤੇ ਮੁੜ ਵਿਚਾਰ ਕਰੇ। ਖੱਜਲ-ਖੁਆਰ ਹੋਏ ਲੋਕ ਕਾਫੀ ਨਿਰਾਸ਼ ਨਜ਼ਰ ਆਏ। ਲੋਕਾਂ ਨੇ ਭੜਾਸ ਕੱਢਦੇ ਹੋਏ ਸਰਕਾਰ ਨੂੰ ਫ਼ੈਸਲੇ ਉਤੇ ਮੁੜ ਵਿਚਾਰ ਲੈਣ ਲਈ ਕਿਹਾ। ਲੋਕਾਂ ਦਾ ਕਹਿਣਾ ਹੈ ਕਿ ਦਾਅਵੇ ਵੱਡੇ-ਵੱਡੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਤੇ ਮਾਲੀਏ ਨੂੰ ਲੱਗਦੇ ਚੂਨੇ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਸੀ। ਹੁਣ ਹਰ ਕੀਮਤ ਦੇ ਸਟੈਂਪ ਪੇਪਰ ਨੂੰ ਈ-ਸਟੈਂਪ ਰਾਹੀਂ ਭਾਵ ਕੰਪਿਊਟਰ ਤੋਂ ਪ੍ਰਿੰਟਆਊਟ ਰਾਹੀਂ ਕਿਸੇ ਵੀ ਅਸ਼ਟਾਮ ਫ਼ਰੋਸ਼ ਜਾਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ।