Breaking- ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਵਲੋਂ ਰਿਸ਼ਵਤ ਦੀ ਮੰਗ ਕਰਨ ‘ਤੇ ਕੇਸ ਦਰਜ
ਚੰਡੀਗੜ੍ਹ, 4 ਅਗਸਤ – (ਪੰਜਾਬ ਡਾਇਰੀ) ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸੰਯੁਕਤ ਸਕੱਤਰ ਵਿਕਰਮ ਧਵਨ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀਏ ‘ਤੇ ਚੌਂਕੀ ਇੰਚਾਰਜ ਤੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਕੀਤੀ। ਵਿਕਰਮ ਧਵਨ ਵਾਸੀ ਵਾਰਡ ਨੰ-4 ਬਲਟਾਣਾ ਨੇ ਦੋਸ਼ ਲਾਇਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਂਕੀ ਇੰਚਾਰਜ ਸੀ ਤਾਂ ਉਨ੍ਹਾਂ ਦਾ ਇੱਕ ਕੇਸ ਥਾਣੇ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਬਰਮਾ ਸਿੰਘ ਦੀ ਅਚਾਨਕ ਚੌਂਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਬਦਲੀ ਕਰ ਦਿੱਤੀ ਗਈ।
ਜਦੋਂ ਵਿਕਰਮ ਨੇ ਬਰਮਾ ਸਿੰਘ ਨੂੰ ਆਪਣੇ ਕੇਸ ਦੀ ਜਾਣਕਾਰੀ ਲੈਣ ਸਬੰਧੀ ਫੋਨ ਕੀਤਾ ਤਾਂ ਉਨ੍ਹਾਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਰਿਸ਼ਵਤ ਮੰਗੀ ਸੀ ਅਤੇ ਜਦੋਂ ਉਹ ਪੈਸੇ ਨਾ ਦੇ ਸਕਿਆ ਤਾਂ ਉਸਦਾ ਤਬਾਦਲਾ ਕਰਵਾ ਦਿੱਤਾ ਗਿਆ।
ਵਿਕਰਮ ਨੇ ਕਿਹਾ ਕਿ ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਉਸ ਕੋਲ ਮੌਜੂਦ ਹੈ, ਜੋ ਉਸ ਨੇ ਸਬੂਤ ਵੱਜੋਂ ਆਪਣੀ ਸ਼ਿਕਾਇਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਹੈ। ਦੱਸਣਯੋਗ ਹੈ ਕਿ ਇਹ ਆਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਵਿਕਰਮ ਧਵਨ ਨੇ ਕਿਹਾ ਕਿ ਇਸਤੋਂ ਬਾਅਦ ਜੇ ਉਨ੍ਹਾਂ ‘ਤੇ ਹਮਲਾ ਹੁੰਦਾ ਜਾਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਸਦੇ ਜ਼ਿੰਮੇਵਾਰ ਡੇਰਾਬੱਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਹੀ ਹੋਣਗੇ।