Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਦਾ ਸਫ਼ਲ ਆਯੋਜਨ
ਪ੍ਰਸਿੱਧ ਅੰਤਰਰਾਸ਼ਟਰੀ ਸ਼ਾਇਰ ਨਦੀਮ ਅਫ਼ਜ਼ਲ ਦੀ ਪੁਸਤਕ ‘ਹੁਣ ਤੈਨੂੰ ਕੀ?’ ਲੋਕ ਅਰਪਣ ਕੀਤੀ
ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚੋਂ 200 ਤੋਂ ਵੀ ਵੱਧ ਸਾਹਿਤਕਾਰ ਪਹੁੰਚੇ
ਫਰੀਦਕੋਟ, 27 ਸਤੰਬਰ – (ਪੰਜਾਬ ਡਾਇਰੀ) ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁੱਭ ਅਵਸਰ ‘ਤੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਮਹਾਤਮਾ ਗਾਂਧੀ ਮੈਮੋਰੀਅਲ ਸੀਨੀ. ਸਕੈ. ਸਕੂਲ, ਫ਼ਰੀਦਕੋਟ ਵਿਖੇ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚੋਂ ਪਹੁੰਚੇ 200 ਤੋਂ ਵੀ ਵੱਧ ਸਾਹਿਤਕਾਰਾਂ ਦੇ ਭਾਰੀ ਇਕੱਠ ਵਿੱਚ ਪਾਕਿਸਤਾਨ ਤੋਂ ਪ੍ਰਸਿੱਧ ਅੰਤਰਰਾਸ਼ਟਰੀ ਸ਼ਾਇਰ ਨਦੀਮ ਅਫ਼ਜ਼ਲ ਦੀ ਪੁਸਤਕ ‘ਹੁਣ ਤੈਨੂੰ ਕੀ?’ ਨੂੰ ਲੋਕ ਅਰਪਣ ਕੀਤਾ ਗਿਆ । ਇਸ ਸ਼ਾਨਦਾਰ ਸਮਾਰੋਹ ਵਿੱਚ ਸ. ਗੁਰਦਿੱਤ ਸਿੰਘ ਸੇਖੋਂ, ਐੱਮ.ਐੱਲ.ਏ. ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਡਾਇਰੈਕਟਰ ਪ੍ਰਿੰਸੀਪਲ ਸ. ਸੇਵਾ ਸਿੰਘ ਚਾਵਲਾ (ਐੱਮ.ਜੀ.ਐੱਮ. ਸੀਨੀ. ਸਕੈ. ਸਕੂਲ, ਫ਼ਰੀਦਕੋਟ) ਨੇ ਕੀਤੀ । ਇਸ ਤੋਂ ਇਲਾਵਾ ਡਾ. ਹਰੀ ਸਿੰਘ ਜਾਚਕ (ਪ੍ਰਸਿੱਧ ਪੰਜਾਬੀ ਸ਼੍ਰੋਮਣੀ ਕਵੀ), ਡਾ. ਗੁਰਚਰਨ ਕੌਰ ਕੋਚਰ (ਪ੍ਰਸਿੱਧ ਪੰਜਾਬੀ ਲੇਖਿਕਾ), ਸ. ਗੁਰਵੇਲ ਕੋਹਾਲਵੀ (ਚੇਅਰਮੈਨ, ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।
ਮੁੱਖ-ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਐੱਮ.ਐੱਲ.ਏ., ਫ਼ਰੀਦਕੋਟ ਨੇ ਨਦੀਮ ਅਫ਼ਜ਼ਲ ਦੀ ਪੁਸਤਕ ‘ਹੁਣ ਤੈਨੂੰ ਕੀ?’ ਨੂੰ ਲੋਕ ਅਰਪਿਤ ਕੀਤਾ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ । ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਦੱਸਿਆ ਕਿ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਵੱਡਾ ਉਪਰਾਲਾ ਕਰਦਿਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਸਾਹਿਤਕਾਰਾਂ ਦਾ ਖੁੱਲ੍ਹਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਅਤੇ ਹਾਜ਼ਰ ਸਾਹਿਤਕਾਰਾਂ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸਭਾ ਦੇ ਅਹੁਦੇਦਾਰਾਂ ਨੇ ਸਨਮਾਨਿਤ ਕੀਤਾ । ਇਸ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਚੰਨਾ ਸਿੰਘ ਸਿੱਧੂ ਐਮ.ਸੀ., ਜਸਵੰਤ ਖੇੜਾ ਕੈਨੇਡਾ, ਪ੍ਰੋ. ਬੀਰ ਇੰਦਰ ਸਰਾਂ, ਸੁਖਜਿੰਦਰ ਮੁਹਾਰ, ਸ਼ਾਇਰ ਭੱਟੀ, ਡਾ. ਰਵਿੰਦਰ ਭਾਟੀਆ ਮੁੰਬਈ, ਪ੍ਰੋ. ਗੁਰਵਿੰਦਰ ਗੁਰੀ, ਲਖਵੀਰ ਸਿੰਘ ਖੇਤੀਬਾੜੀ ਵਿਭਾਗ, ਸਤਪਾਲ ਕੌਰ ਮੋਗਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ । ਇਸ ਤੋਂ ਇਲਾਵਾ ਇਹ ਸਮਾਰੋਹ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਮੀਤ ਪ੍ਰਧਾਨ ਸਿਕੰਦਰ ਚੰਦਭਾਨ ਤੇ ਜਸਵੀਰ ਫ਼ੀਰਾ, ਸਕੱਤਰ ਰਾਜ ਗਿੱਲ ਭਾਣਾ, ਸਹਾਇਕ ਸਕੱਤਰ ਸੁਖਵੀਰ ਸਿੰਘ ਬਾਬਾ, ਜਨਰਲ ਸਕੱਤਰ ਵਤਨਵੀਰ ਵਤਨ, ਪ੍ਰਚਾਰ ਸਕੱਤਰ ਪਰਵਿੰਦਰ ਸਿੰਘ, ਸਾਗਰ ਸ਼ਰਮਾ, ਖਜਾਨਚੀ ਕਸ਼ਮੀਰ ਸਿੰਘ ਮਾਨਾ, ਸਲਾਹਕਾਰ ਕੁਲਵਿੰਦਰ ਵਿਰਕ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਸੀਨੀਅਰ ਮੈਂਬਰਾਂ ਬਲਵਿੰਦਰ ਸਿੰਘ ਗਰਾਈਂ, ਬਲਵੰਤ ਗੱਖੜ, ਪ੍ਰੋਗਰਾਮ ਕੋਆਰਡੀਨੇਟਰ ਗਗਨ ਫੂਲ, ਮੈਂਬਰਾਂ ਗੁਰਮੀਤ ਰਾਜ, ਜਸਵਿੰਦਰ ਜੱਸੀ ਲੁਧਿਆਣਾ ਆਦਿ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ।
ਇਸ ਮੌਕੇ ਲਵਪ੍ਰੀਤ ਫ਼ੇਰੋਕੇ (ਠੇਕਾ ਕਿਤਾਬ) ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਭਾ ਵਿੱਚ ਨਵੇਂ ਸ਼ਾਮਿਲ ਹੋਏ ਸਾਹਿਤਕਾਰਾਂ ਨੇ ਮੌਕੇ ‘ਤੇ ਸਭਾ ਦੇ ਮੈਂਬਰਸ਼ਿਪ ਫ਼ਾਰਮ ਵੀ ਭਰੇ ਅਤੇ ਆਗਾਮੀ ਗਤੀਵਿਧੀਆਂ ਲਈ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ। ਇਸ ਮੌਕੇ ਸ. ਗੁਰਤੇਜ ਸਿੰਘ ਖੋਸਾ, ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਅਤੇ ਸ. ਅਮਨਦੀਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ, ਗੁਰਮੀਤ ਰਾਜ, ਪਰਵਿੰਦਰ ਸਿੰਘ ਨੇ ਦਿਲਕਸ਼ ਢੰਗ ਨਾਲ ਨਿਭਾਈ । ਸੱਚਮੁੱਚ ਯਾਦਗਾਰੀ ਅਤੇ ਸਫ਼ਲ ਹੋ ਨਿਬੜਿਆ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦਾ ਇਹ ਵਿਸ਼ੇਸ਼ ਉਪਰਾਲਾ, ਜਿਸਦੀ ਦੇਸ਼ਾਂ-ਵਿਦੇਸ਼ਾਂ ਦੇ ਸਾਹਿਤਿਕ ਖੇਤਰਾਂ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ।
ਫ਼ੋਟੋ ਕੈਪਸ਼ਨ : ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫ਼ਰੀਦਕੋਟ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ.ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ ਅਤੇ ਵਿਸ਼ੇਸ਼ ਮਹਿਮਾਨ