Breaking- ਕਿਸਾਨ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਲੈਣ ਲਈ 28 ਫਰਵਰੀ ਤੱਕ ਕਰ ਸਕਦੇ ਹਨ ਅਪਲਾਈ -ਮੁੱਖ ਖੇਤੀਬਾੜੀ ਅਫਸਰ
ਫ਼ਰੀਦਕੋਟ, 20 ਫਰਵਰੀ – (ਪੰਜਾਬ ਡਾਇਰੀ) ਪੰਜਾਬ ਰਾਜ ਵਿੱਚ ਫਸਲੀ ਵਿਭਿੰਨਤਾ ਅਤੇ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ “ਸਬਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸ਼ਨ ਸਕੀਮ (ਸਮੈਮ)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਲੇਜ਼ਰ ਲੈੰਡ ਲੈਵਲਰ, ਪਟੈਟੋ ਪਲਾਂਟਰ, ਪਟੈਟੋ ਡਿਗਰ, ਟਰੈਕਟਰ ਓਪਰੇਟਡ ਸਪਰੇਅਰ (ਏਅਰ ਅਸਿਸਟਡ/ ਬੂਮ ਟਾਈਪ), ਪਾਵਰ ਵੀਡਰ, ਪੈਡੀ ਟਰਾਂਸਪਲਾਂਟਰ, ਫਰਟੀਲਾਈਜਰ ਬਰਾਂਡਕਾਸਟਰ, ਰੇਜ਼ਡ ਬੈੱਡ ਪਲਾਂਟਰ, ਸਬ-ਸੋਇਲਰ, ਡੀ.ਐਸ.ਆਰ. ਡਰਿੱਲ, ਪਾਵਰ ਹੈਰੋ, ਲੱਕੀ ਸੀਡ ਡਰਿੱਲ ਅਤੇ ਨਿਊਮੈਟਿਕ ਪਲਾਂਟਰ ਆਦਿ ਮਸ਼ੀਨਾਂ ਉੱਤੇ 40% ਅਤੇ 50% ਸਬਸਿਡੀ ਮੁਹੱਈਆ ਕਰਵਾਉਣ ਲਈ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਟਰਾਂ 10 ਲੱਖ, 25 ਲੱਖ, 40 ਲੱਖ, 60 ਲੱਖ ਵਲੋਂ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸਕੀਮ ਦਾ ਲਾਭ ਲੈਣ ਲਈ ਕਿਸਾਨ/ ਕਸਟਮ ਹਾਇਰਿੰਗ ਸੈਟਰ ਮਿਤੀ 28 ਫਰਵਰੀ 2023 ਤੱਕ ਆਨਲਾਈਨ ਦਰਖਾਸਤਾਂ ਦੇ ਸਕਦੇ ਹਨ। ਕਿਸਾਨ ਵਿਭਾਗ ਦੇ ਵੈੱਬ ਪੋਰਟਲ: http://agrimachinerypb.com ਤੇ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਲਾਭਪਾਤਰੀ ਕਿਸਾਨ ਵਿਭਾਗ ਵੱਲੋਂ ਪ੍ਰਵਾਨਿਤ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਕੋਲੋਂ ਆਪਣੀ ਪਸੰਦ ਅਨੁਸਾਰ ਇਹਨਾਂ ਮਸ਼ੀਨਾਂ ਦੀ ਖਰੀਦ ਕਰ ਸਕੇਗਾ। ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲੱਬਧ ਕਰਵਾਈ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਸਬੰਧਤ ਬਲਾਕ ਖੇਤੀਬਾੜੀ ਦਫਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।