Breaking- ਕ੍ਰਿਕਟਰ ਅਰਸ਼ਦੀਪ ਸਿੰਘ ਨੂੰ “ਖਾਲਿਸਤਾਨੀ” ਪੇਸ਼ ਕਰਨਾ ਹਿੰਦੂਤਵੀ ਤੱਤਾਂ ਦੀ ਸਿੱਖ ਭਾਈਚਾਰੇ ਪ੍ਰਤੀ ਭਰਪੂਰ ਨਫਰਤ ਦਾ ਪ੍ਰਤੀਕ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 6 ਸਤੰਬਰ – (ਪੰਜਾਬ ਡਾਇਰੀ) ਸਿੱਖ ਵਿਚਾਰਵਾਨਾ ਤੇ ਬੁੱਧੀਜੀਵੀਆਂ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ ਕਿ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਨੂੰ 4 ਅਗਸਤ ਨੂੰ ਭਾਰਤ-ਪਾਕਿਸਤਾਨ ਕ੍ਰਿਕੇਟ ਮੈਚ ਦੌਰਾਨ ਸੋਸ਼ਲ ਮੀਡੀਆ ‘ਤੇ ਕੱਟੜਪੰਥੀਆਂ ਦੇ ਕੁਝ ਹਿੱਸਿਆਂ ਦੁਆਰਾ ਉਸਦੀ ਸਿੱਖ ਪਛਾਣ ਹੋਣ ਕਰਕੇ ਟ੍ਰੋਲ ਕੀਤਾ ਗਿਆ ਅਤੇ ਸਿੱਖਾਂ ਪ੍ਰਤੀ ਹਿੰਦੂਤਵ ਨਫਰਤ ਦਾ ਪ੍ਰਗਟਾਵਾਂ ਉਸ ਨੂੰ “ਖਾਲਿਸਤਾਨੀ” ਵਜੋਂ ਪੇਸ਼ ਕਰਕੇ ਕੀਤਾ ਗਿਆ।
ਖੇਡ ਦੇ ਮੈਦਾਨ ਵਿੱਚ ਇਸ ਤਰਾਂ ਦੇ ਮੈਚਾਂ ਵਿੱਚ ਉਕਾਈਆਂ ਆਮ ਹੁੰਦੀਆਂ ਹਨ ਪਰ ਬਹੁਗਿਣਤੀ ਭਾਈਚਾਰੇ ਦੇ ਇੱਕ ਹਿੱਸੇ ਦੁਆਰਾ ਘੱਟ ਗਿਣਤੀ ਖਿਡਾਰੀਆਂ ਨੂੰ “ਗੱਦਾਰ” ਗਰਦਾਨ ਕੇ ਸ਼ਰਮਿੰਦਾ ਕਰਨ ਦਾ ਇਹ ਅਸਹਿਣਸ਼ੀਲ ਰੁਝਾਨ ਭਾਰਤੀ ਰਾਜਨੀਤੀ ਅਤੇ ਸਮਾਜ ਵਿੱਚ ਇੱਕ ਨਵੀਂ ਨਿਵਾਣ ਹੈ। ਇਹ ਭਾਰਤੀ ਸਮਾਜ ਦੇ ਵਧ ਰਹੇ ਫਿਰਕੂਵਾਦ ਅਤੇ ਧਰੁਵੀਕਰਨ ਅਤੇ ਹਿੰਦੂਤਵੀ ਤਾਕਤਾਂ ਦੀ ਚੜਤ ਨੂੰ ਵੀ ਦਰਸ਼ਾਉਂਦਾ ਹੈ ।
ਮਿਲਖਾ ਸਿੰਘ, ਕਮਲਜੀਤ ਕੌਰ, ਬਲਬੀਰ ਸਿੰਘ, ਅਜੀਤਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਨਵਜੋਤ ਸਿੱਧੂ, ਯੁਵਰਾਜ ਸਿੰਘ, ਅਭਿਨਵ ਬਿੰਦਰਾ ਅਤੇ ਹੋਰ ਅਣਗਿਣਤ ਸਿੱਖ ਖਿਡਾਰੀਆਂ ਨੇ ਖੇਡ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਦੇਸ਼ ਪ੍ਰਤੀ ਆਪਣੇ ਸਮੱਰਪਣ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ।
ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਵਿਚਾਰਵਾਨਾਂ ਵੱਲੋਂ ਇਸ ਅਸਹਿਣਸ਼ੀਲਤਾ ਅਤੇ ਕੱਟੜਤਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸਾਬਕਾ ਖਿਡਾਰੀਆਂ, ਸਿਵਲ ਸੋਸਾਇਟੀ ਦੇ ਕਾਰਕੁਨਾਂ ਅਤੇ ਆਮ ਲੋਕਾਂ ਸਮੇਤ ਸਾਰੀਆਂ ਬਰਾਬਰੀ ਦੀ ਸੋਚ ਵਾਲੀਆਂ ਸ਼ਕਤੀਆਂ ਨੂੰ ਅਰਸ਼ਦੀਪ ਸਿੰਘ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਦਿੰਦੇ ਹਾਂ।
ਇਹ ਸਾਂਝਾ ਬਿਆਨ, ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ) ਵੱਲੋਂ ਜਾਰੀ ਕੀਤਾ ਗਿਆ।
ਜਾਰੀ ਕਰਤਾ:- ਇਕਬਾਲ ਸਿੰਘ (ਮੈਨੇਜਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ- 93161-07093