Breaking- ਕੱਚੇ ਅਧਿਆਪਕਾਂ ਨੂੰ ਈਟੀਟੀ ਦੀ ਭਰਤੀ ਲਈ ਉਮਰ ‘ਚ ਛੋਟ
ਚੰਡੀਗੜ੍ਹ, 6 ਅਗਸਤ – (ਪੰਜਾਬ ਡਾਇਰੀ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇਕ ਹੋਰ ਮੁਲਾਜ਼ਮਾਂ ਪੱਖੀ ਫ਼ੈਸਲਾ ਲੈਂਦੇ ਹੋਏ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ /ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ/ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਨੂੰ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕਾਂ ਦੀ ਸਿੱਧੀ ਭਰਤੀ ਲਈ ਅਪਲਾਈ ਕਰਨ ਲਈ ਮਿੱਥੀ ਉਮਰ ਹੱਦ ਵਿਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਹੁਣ ਸਿੱਧੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲੈ ਸਕਣਗੇ।
ਸਕੂਲ ਸਿੱਖਿਆ ਮੰਤਰੀ ਪੰਜਾਬ ਸ.ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਪੰਜਾਬ ਕੋਲ ਬਹੁਤ ਗੰਭੀਰਤਾ ਨਾਲ ਚੁਕਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਨੂੰ ਹਮਦਰਦੀ ਨਾਲ ਵਿਚਾਰਦਿਆਂ ਹੋਇਆ ਪੰਜਾਬ ਸਿਵਲ ਸੇਵਾਵਾਂ ( ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ ) ਨਿਯਮ 1994 ਦੇ ਨਿਯਮ 19 ( ਢਿੱਲ ਦੇਣ ਦੀ ਸ਼ਕਤੀ ) ਤਹਿਤ ਇਨ੍ਹਾਂ ਨਿਯਮਾਂ ਦੇ ਨਿਯਮ 5 ਵਿੱਚ ਛੋਟ ਦਿੰਦੇ ਹੋਏ ਪ੍ਰਬੰਧਕੀ ਵਿਭਾਗ ਵਿੱਚ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ / ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ./ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਦੀਆ ਆਸਾਮੀਆਂ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਬੰਧਕੀ ਵਿਭਾਗ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ 5994 ਈ.ਟੀ.ਟੀ. ਦੀਆਂ ਆਸਾਮੀਆਂ ਲਈ ਅਪਲਾਈ ਕਰਨ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਸਿਖਿਆ ਵਿਭਾਗ ਵਿਚ ਕੰਮ ਕਰਦੇ ਲਗਭਗ 12 ਹਜ਼ਾਰ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ / ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ./ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਨੂੰ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਵਲੋਂ ਜਿੰਨੇ ਸਾਲ / ਮਹੀਨੇ ਠੇਕੇ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਗਿਆ ਹੈ , ਉਨ੍ਹੇ ਸਾਲ / ਮਹੀਨੇ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲਣਯੋਗ ਹੋਵੇਗੀ। ਬੈਂਸ ਨੇ ਦੱਸਿਆ ਕਿ ਇਹ ਛੋਟ ਸਿਰਫ਼ ਪ੍ਰਬੰਧਕੀ ਵਿਭਾਗ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ 5994 ਈ.ਟੀ.ਟੀ. ਦੀਆਂ ਆਸਾਮੀਆਂ ਦੀ ਭਰਤੀ ਲਈ ਕੇਵਲ ਇੱਕ ਵਾਰ ਮਿਲਣਯੋਗ ਹੋਵੇਗੀ ।