Breaking- ਗੁਰਮਿਤ ਕੈਂਪ ਰਿਪੋਰਟ
26 ਜੁਲਾਈ – (ਪੰਜਾਬ ਡਾਇਰੀ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਤੇ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਦੋ ਰੋਜ਼ਾ ਗੁਰਮਿਤ ਸਿਖਲਾਈ ਕੈਂਪ ਗੁਰਦਆਰਾ ਟੱਰਸਟ, ਧਰਮਪੁਰ (ਹਿਮਾਚਲ ਪ੍ਰਦੇਸ਼) ਵਿਖੇ ਲਾਇਆ ਗਿਆ। ਕੈਂਪ ਵਿੱਚ ਲਗਪਗ 50 ਸਿੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੀ ਆਰੰਭਤਾ, ਵਿਦਿਆਰਥੀਆਂ ਵੱਲੋਂ, ਅਰਦਾਸ ਉਪਰੰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਕੀਤੀ ਗਈ। ਕੈਂਪ ਵਿੱਚ ਸ਼ਾਮਿਲ ਵਿਦਿਆਰਥੀਆਂ ਲਈ ਸੁਆਗਤੀ ਭਾਸ਼ਣ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਦੇ ਜਨਰਲ ਸਕੱਤਰ ਸ. ਸੁਰਿੰਦਰ ਸਿੰਘ ਨੇ ਦਿੱਤਾ। ਪ੍ਰੋ. ਮਨਜੀਤ ਸਿੰਘ ਨੇ ਕੈਂਪ ਦੇ ਮਨੋਰਥ ਬਾਰੇ ਕੁੰਜੀਵਤ ਭਾਸ਼ਣ ਕਰਦਿਆਂ ਸਿੱਖ ਸਮਾਜ ਦੀਆਂ ਸਮਾਜਿਕ ਚਣੌਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਪਿਆਰਾ ਲਾਲ ਗਰਗ ਨੇ ਗੁਰਬਾਣੀ ਵਿੱਚ ਅੰਕਿਤ ਸਿੱਖ ਜੀਵਨ ਜਾਚ ਬਾਰੇ ਵਿਦਿਆਰਥੀਆਂ ਨਾਲ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਸਿੱਖ ਮੀਡੀਆ ਸੈਂਟਰ ਦੇ ਮੁੱਖੀ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਸਿੱਖ ਸਮਾਜ ਦੀਆ ਸਮਾਜਿਕ ਸੰਸਥਾਵਾਂ ਵਿੱਚ ਜਾਤੀ ਵਿਤਕਿਰਿਆ ਦੇ ਮਾਰੂ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ। ਪ੍ਰਸਿੱਧ ਲੇਖਕ ਰਾਜਿੰਦਰ ਸਿੰਘ ਰਾਹੀ ਨੇ ਸਿੰਘ ਸਭਾ ਲਹਿਰ ਦੇ ਇਤਿਹਾਸ, ਗਿਆਨੀ ਦਿੱਤ ਸਿੰਘ ਅਤੇ ਪ੍ਰੋਫੇਸਰ ਗੁਰਮੁਖ ਸਿੰਘ ਦੁਆਰਾ ਪਾਏ ਯੋਗਦਾਨ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਬੀਬਾ ਸੰਦੀਪ ਕੌਰ ਅਤੇ ਨਵਦੀਪ ਕੌਰ ਦੇ ਕਵਿਸ਼ਰੀ ਜੱਥੇ ਨੇ ਸਿੱਖ ਇਤਿਹਾਸ ਪੇਸ਼ ਕੀਤਾ। ਜੇਤਿੰਦਰ ਬਿੰਦਰਾ ਨੇ ਕਵਿਤਾਵਾਂ ਰਾਹੀ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਬਾਰੇ ਦੱਸਿਆ। ਕੈਂਪ ਇੰਚਾਰਜ ਸੁਖਜਿੰਦਰ ਕੌਰ ਨੇ ਕੈਂਪ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ।
ਕੈਂਪ ਦੇ ਦੂਜੇ ਦਿਨ ਗੁਰਦਆਰਾ ਸਿੰਘ ਸਭਾ, ਦਗਸ਼ਾਈ, ਹਿਮਾਚਲ ਪ੍ਰਦੇਸ਼ ਵਿਖੇ ਸ. ਹਮੀਰ ਸਿੰਘ ਨੇ ਸਿੰਘ ਸਭਾ ਦੇ ਵਰਤਾਰੇ ਦੇ ਵਰਤਮਾਨ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ। ਸ. ਮੇਜਰ ਸਿੰਘ ਅਤੇ ਓਹਨਾਂ ਦੇ ਸਾਥੀਆਂ ਨੇ ਕੈਂਪ ਦੀ ਸਾਰੀ ਕਾਰਵਾਈ ਰਿਕਾਰਡ ਕੀਤੀ। ਕੈਂਪ ਦੇ ਆਖਰੀਂ ਦੌਰ ਵਿੱਚ ਨਵਤੇਜ ਸਿੰਘ ਨੇ ਧੰਨਵਾਦੀ ਸ਼ਬਦ ਕਹਿਦਿਆਂ ਗੁਰਦਆਰਾ ਟੱਰਸਟ, ਧਰਮਪੁਰ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਅਤੇ ਕੈਂਪ ‘ਚ ਆਏ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।
ਜਾਰੀ ਕਰਤਾ: ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ- 93161-07093