Breaking- ‘ਗੁਰੂ ਨਾਨਕ ਦੇਵ ਦੀ ਬਾਣੀ ਦੇ ਸਮਾਜਿਕ ਸਰੋਕਾਰ’ ਵਿਸ਼ੇ ਤੇ ਸੈਮੀਨਾਰ 27 ਨਵੰਬਰ ਨੂੰ ਹੋਵੇਗਾ-ਸੀਪੀਆਈ
ਫਰੀਦਕੋਟ, 19 ਨਵੰਬਰ – (ਪੰਜਾਬ ਡਾਇਰੀ) ਸੀਪੀਆਈ ਜਿਲਾ ਕੌਂਸਲ ਫਰੀਦਕੋਟ ਦੀ ਮੀਟਿੰਗ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਲਾ ਸੈਕਟਰੀ ਅਸ਼ੋਕ ਕੌਸ਼ਲ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲਹਿਰ ਦੇ ਆਗੂਆਂ ਰਣਧੀਰ ਸਿੰਘ ਗਿੱਲ ਅਤੇ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਸਬੰਧੀ ਸ਼ੋਕ ਮਤਾ ਰੱਖਿਆ ਅਤੇ ਸਭ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੀਤ ਸਕੱਤਰ ਬਲਵੀਰ ਸਿੰਘ ਔਲਖ, ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਗੋਰਾ ਪਿਪਲੀ ਅਤੇ ਬੀਬੀ ਮਨਜੀਤ ਕੌਰ ਨੇ ਵਖ-ਵਖ ਜਨਤਕ ਜੱਥੇਬੰਦੀਆਂ ਦੇ ਸੰਘਰਸ਼ਾਂ ਅਤੇ ਸਰਗਰਮੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਜਿਲਾ ਸੈਕਟਰੀ ਨੇ ਦੱਸਿਆ ਕਿ ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਇੱਕ ਸਮੂਹਿਕ ਵਫ਼ਦ 24 ਨਵੰਬਰ ਨੂੰ ਜਿਲਾ ਅਧਿਕਾਰੀਆਂ ਨੂੰ ਮਿਲੇਗਾ। 26 ਨਵੰਬਰ ਦੇ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਤੇ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਕਿਸਾਨ ਮੁਜ਼ਾਹਰੇ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ‘ਗੁਰੂ ਨਾਨਕ ਬਾਣੀ ਦੇ ਸਮਾਜਿਕ ਸਰੋਕਾਰ’ 27 ਨਵੰਬਰ ਨੂੰ ਫਰੀਦਕੋਟ ਵਿਖੇ ਕੀਤਾ ਜਾਵੇਗਾ। ਆਗੂਆਂ ਨੇ ਦੇਸ਼ ਵਿਚ ਵਧ ਰਹੇ ਤਾਨਾਸ਼ਾਹੀ ਅਤੇ ਫਿਰਕੂ ਨਫ਼ਰਤ ਦੇ ਮਾਹੌਲ ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਮਜਬੂਤ ਕਰਨ ਦੀ ਅਪੀਲ ਕੀਤੀ। ਅਗਲੇ ਮਹੀਨੇ ਇਸਤ੍ਰੀ ਸਭਾ, ਖੇਤ ਮਜ਼ਦੂਰ ਸਭਾ ਅਤੇ ਨਰੇਗਾ ਮਜ਼ਦੂਰ ਫਰੰਟਾਂ ਦੀਆਂ ਜਿਲਾ ਕਾਨਫਰੰਸਾਂ ਕਰਵਾਉਣ ਸਬੰਧੀ ਵੀ ਫੈਸਲੇ ਕੀਤੇ ਗਏ। ਇਸ ਮੌਕੇ ਦਫ਼ਤਰ ਸਕੱਤਰ ਸੁਖਦਰਸ਼ਨ ਸ਼ਰਮਾ, ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ ਭਾਣਾ, ਰਾਮ ਸਿੰਘ ਚੈਨਾ ਬਲਾਕ ਸੈਕਟਰੀ ਜੈਤੋ, ਗੁਰਮੇਲ ਸਿੰਘ ਲਾਲੇਆਣਾ, ਉੱਤਮ ਸਿੰਘ ਸਾਦਿਕ ਅਤੇ ਜਸਵਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਹਾਜ਼ਰ ਸਨ।