ਗੁਰਦਾਸਪੁਰ, 21 ਜੂਨ – (ਪੰਜਾਬ ਡਾਇਰੀ) ਗੁਰਦਾਸਪੁਰ ਦੇ ਹਨੂੰਮਾਨ ਚੌਂਕ ਸਥਿਤ ਰੈਸਟੋਰੈਂਟ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਨੌਜਵਾਨ ਦਾ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ਮਗਰੋਂ ਉਕਤ ਨੌਜਵਾਨ ਬੱਬਰੀ ਬਾਈਪਾਸ ਚੌਂਕ ਵਿਚ ਇੱਕ ਟਰੱਕ ਨਾਲ ਟਕਰਾ ਜ਼ਖਮੀ ਹੋ ਗਿਆ। ਜਿਸਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਨੈਸ਼ਨਲ ਹਾਈਵੇ ਜਾਮ ਹੋ ਗਿਆ ਅਤੇ ਪੁਲਿਸ ਨੂੰ ਪਹੁੰਚ ਕੇ ਜਿੱਥੇ ਜ਼ਖ਼ਮੀ ਨੌਜਵਾਨ ਨੂੰ ਸਿਵਿਲ ਹਸਪਤਾਲ ਪਹੁੰਚਾਉਣਾ ਪਿਆ, ਉੱਥੇ ਹੀ ਐੱਸ.ਐੱਚ.ਓ ਨੂੰ ਮੌਕੇ ‘ਤੇ ਪਹੁੰਚ ਕੇ ਲੱਗਿਆ ਜਾਮ ਵੀ ਖੁਲਵਾਉਣ ਪਿਆ।
ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਹਨੂੰਮਾਨ ਚੌਂਕ ਨੇੜੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਉਸ ਨੇ ਆਪਣਾ ਪਲਾਟੀਨਾ ਮੋਟਰਸਾਈਕਲ ਰੈਸਟੋਰੈਂਟ ਦੇ ਬਾਹਰ ਖੜਾ ਕੀਤਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ।
ਪ੍ਰਦੀਪ ਅਤੇ ਹੋਰ ਨੌਜਵਾਨਾਂ ਨੇ ਫਰਾਰ ਹੋਏ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਨੌਜਵਾਨ ਬਟਾਲਾ ਰੋਡ ਵੱਲ ਨੂੰ ਭੱਜ ਗਿਆ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਗਰ ਲੋਕ ਪਏ ਹੋਏ ਹਨ ਤਾਂ ਉਹ ਬੱਬਰੀ ਬਾਈਪਾਸ ਚੌਂਕ ਵਿਚ ਸੜਕ ਪਾਰ ਕਰਨ ਮੌਕੇ ਇੱਕ ਟਰੱਕ ਵਿਚ ਜਾ ਟਕਰਾਇਆ।
ਇਸ ਕਾਰਨ ਉਕਤ ਨੌਜਵਾਨ ਜ਼ਖਮੀ ਹੋ ਗਿਆ ਅਤੇ ਪਿੱਛੇ ਆ ਰਹੇ ਨੌਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਥਾਣਾ ਮੁਖੀ ਅਮਨਦੀਪ ਸਿੰਘ ਵੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ, ਜਿਨਾਂ ਨੇ ਨੌਜਵਾਨ ਨੂੰ ਪਹਿਲਾਂ ਇਲਾਜ ਲਈ ਹਸਪਤਾਲ ਪਹੁੰਚਾਇਆ।
ਥਾਣਾ ਮੁਖੀ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁੱਟੇਜ ਅਤੇ ਹੋਰ ਸਬੂਤਾਂ ਦੇ ਅਧਾਰ ‘ਤੇ ਪਤਾ ਲਗਾਇਆ ਜਾਵੇਗਾ ਕਿ ਮਾਮਲੇ ਦੀ ਸਚਾਈ ਕੀ ਹੈ। ਉਨਾਂ ਕਿਹਾ ਕਿ ਫਿਲਹਾਲ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਤੇ ਨੌਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ।