Breaking- ਜਬਰ ਜਨਾਹ ਅਤੇ ਕਤਲ ਦੇ ਕੇਸ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ – ਵਕੀਲ ਐਚ ਸੀ ਅਰੋੜਾ
ਚੰਡੀਗੜ੍ਹ, 29 ਅਕਤੂਬਰ – (ਬਾਬੂਸ਼ਾਹੀ ਨੈਟਵਰਕ) ਚੰਡੀਗੜ੍ਹ ਦੇ ਪ੍ਰਸਿੱਧ ਵਕੀਲ ਐਚ ਸੀ ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਕ ਨੋਟਿਸ ਭੇਜ ਕੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਵਾਸਤੇ ਕਿਹਾ ਹੈ।
ਆਪਣੇ ਨੋਟਿਸ ਵਿਚ ਐਚ ਸੀ ਅਰੋੜਾ ਨੇ ਕਿਹਾ ਕਿ ਰਾਮ ਰਹੀਮ ਨੂੰ ਜਬਰ ਜਨਾਹ ਤੇ ਕਤਲ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਹਰਿਆਣਾ ਸਰਕਾਰ ਨੇ ਉਸਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ ਜਿਸ ਦੌਰਾਨ ਉਹ ਯੂ ਪੀ ਠਹਿਰਿਆ ਹੈ ਤੇ ਸਤਿਸੰਗ ਕਰ ਰਿਹਾ ਹੈ। ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਉਸ ਤੋਂ ਆਸ਼ੀਰਵਾਦ ਲੈ ਰਹੇ ਹਨ ਤੇ ਉਸਨੇ ਆਪਣਾ ਗੀਤ ’ਸਾਡੀ ਨਿੱਤ ਦੀਵਾਲੀ’ ਵੀ ਜਾਰੀ ਕੀਤਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਸਰਕਾਰ ਨੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਉਣ ਲਈ ਵੀ ਕੋਈ ਕਦਮ ਨਹੀਂ ਚੁੱਕਿਆ। ਵਕੀਲ ਨੇ ਮੰਗ ਕੀਤੀ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਅਤੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਇਆ ਜਾਵੇ ਕਿਉਂਕਿ ਇਕ ਜਬਰ ਜਨਾਹ ਤੇ ਕਤਲ ਦੇ ਅਪਰਾਧੀ ਨੂੰ ਪ੍ਰਸਿੱਧੀ ਖੱਟਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।