Breaking- ਜਿਲਾ ਮੈਜਿਸਟਰੇਟ ਨੇ 118 ਅਸਲਾ ਲਾਇਸੰਸ ਕੀਤੇ ਮੁੱਅਤਲ
ਫਰੀਦਕੋਟ, 12 ਨਵੰਬਰ – (ਪੰਜਾਬ ਡਾਇਰੀ) ਜਿਲਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਨੇ ਆਯੋਗ ਪਾਏ ਗਏ 118 ਅਸਲਾ ਲਾਇਸੰਸ ਮੁੱਅਤਲ ਕੀਤੇ ਹਨ। ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਸਬੰਧੀ ਅਸਲਾ ਲਾਇਸੰਸ ਦੇ ਵਾਰਸਾਂ ਨੂੰ ਕਿਸੇ ਤਰ੍ਹਾਂ ਦੇ ਇਤਰਾਜ਼ ਜਾਂ ਜਵਾਬ ਦੇਣ ਸਬੰਧੀ 940 ਨੋਟਿਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਕਾਰਵਾਈ ਕਰਦੇ ਹੋਏ ਹੁਣ ਜਾਂਚ ਕਰਨ ਉਪਰੰਤ ਕੁੱਲ 118 ਅਸਲਾ ਲਾਇਸੰਸ ਮੁੱਅਤਲ ਕਰ ਦਿੱਤੇ ਹਨ ਅਤੇ ਬਾਕੀ ਰਹਿ ਗਏ ਕੇਸਾਂ ਸਬੰਧੀ ਜਾਂਚ ਕਰਨ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਿਲਾ ਮੈਜਿਸਟਰੇਟ ਨੇ ਦੱਸਿਆ ਕਿ ਜਿਲੇ ਦੇ ਵੱਖ ਵੱਖ ਥਾਣਿਆਂ ਵਿੱਚ ਅਸਲਾ ਲਾਇਸੰਸੀਆਂ ਦੀ ਮੌਤ ਹੋਣ ਕਾਰਨ ਕਾਫੀ ਸਮੇਂ ਤੋਂ ਅਸਲਾ ਜਮ੍ਹਾਂ ਸਬੰਧੀ 68 ਲਾਇਸੰਸ ਮੁੱਅਤਲ ਕੀਤੇ ਹਨ। ਮ੍ਰਿਤਕ ਅਸਲਾ ਲਾਇਸੰਸੀਆਂ ਦੇ ਅਸਲਾ ਲਾਇਸੰਸ ਕੈਂਸਲ ਸਬੰਧੀ ਸੂਚਨਾ ਦੇਣ ਲਈ ਲਿਸਟ ਜਿਲ੍ਹਾ ਫਰੀਦਕੋਟ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਅਤੇ ਮੀਡੀਆ ਰਾਹੀਂ ਵੀ ਲਿਸਟਾਂ ਵਿੱਚ ਦਰਜ ਮ੍ਰਿਤਕ ਅਸਲਾ ਲਾਇਸੰਸੀਆਂ ਦੇ ਵਾਰਸਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਆਪਣਾ ਜਵਾਬ/ਇਤਰਾਜ਼ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 68 ਮ੍ਰਿਤਕ ਅਸਲਾ ਲਾਇਸੰਸੀਆਂ ਦੇ ਵਾਰਸਾਂ ਵੱਲੋਂ ਕੋਈ ਇਤਰਾਜ਼ ਪੇਸ਼ ਨਾ ਕਰਨ ਕਰਕੇ ਇਹ ਲਾਇਸੰਸ ਮੁੱਅਤਲ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਜਿਲਾ ਮੈਜਿਸਟ੍ਰੇਟ ਵੱਲੋਂ ਕਾਰਵਾਈ ਕਰਦੇ ਹੋਏ ਦੱਸਿਆ ਗਿਆ ਕਿ ਜਿੰਨਾ ਅਸਲਾ ਲਾਇਸੰਸ ਧਾਰਕਾਂ ਕੋਲ 2 ਤੋਂ ਵੱਧ ਅਸਲੇ ਦਰਜ ਸਨ, ਉਨ੍ਹਾਂ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪਣਾ ਤੀਸਰਾ ਅਸਲਾ ਡਲੀਟ ਨਹੀਂ ਕਰਵਾਇਆ ਗਿਆ। ਜਿਸ ਸਬੰਧ ਉਨ੍ਹਾਂ ਅਸਲਾ ਧਾਰਕਾਂ ਨੂੰ ਕਾਰਨ ਦੱਸੋਂ ਨੋਟਿਸ ਵੀ ਜਾਰੀ ਕੀਤੇ ਗਏ ਸਨ, ਪਰੰਤੂ ਉਨ੍ਹਾਂ ਵੱਲੋਂ ਅਜੇ ਤੱਕ ਤੀਸਰਾ ਅਸਲਾ ਡਲੀਟ ਕਰਵਾਉਣ ਸਬੰਧੀ ਕੋਈ ਕਰਵਾਈ ਨਹੀਂ ਕੀਤੀ ਗਈ । ਇਨ੍ਹਾਂ ਅਸਲਾ ਧਾਰਕਾਂ ਨੂੰ ਆਰਮਜ਼ ਐਕਟ ਦੀ ਉਲੰਘਣਾ ਦੇ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ 50 ਦੇ ਕਰੀਬ ਅਸਲਾ ਲਾਇਸੰਸ ਵੀ ਮੁੱਅਤਲ ਕੀਤੇ ਗਏ ਹਨ।
ਜਿਲਾ ਮੈਜਿਸਟਰੇਟ ਨੇ ਹਦਾਇਤ ਕਰਦਿਆ ਕਿਹਾ ਕਿ ਜਿੰਨਾ ਅਸਲਾ ਲਾਇਸੰਸੀਆਂ ਦੇ ਅਸਲਾ ਲਾਇਸੰਸ ਰੀਨਿਊ ਹੋਣ ਵਾਲੇ ਹਨ, ਉਹ ਤੁਰੰਤ ਅਪਲਾਈ ਕਰਨ। ਰੀਨਿਊ ਨਾ ਕਰਨ ਦੀ ਸੂਰਤ ਵਿੱਚ ਇਹ ਅਸਲਾ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਰ ਜਾਵੇਗੀ।