Breaking- ਡਾਕਟਰ ਅਤੇ ਸਟਾਫ਼ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਜਲੰਧਰ, 17 ਅਗਸਤ – ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਤੇ ਸਟਾਫ ਵੱਲੋਂ ਇਲਾਜ ਲਈ ਆਏ ਵਿਅਕਤੀ ਦੀ ਸਾਰ ਨਾ ਲੈਣ ਕਾਰਨ ਮਰੀਜ਼ ਦੀ ਮੌਤ ਹੋ ਗਈ । ਪੁਲਿਸ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਡਿਊਟੀ ਉਤੇ ਤਾਇਨਾਤ ਸਾਰੇ ਸਟਾਫ਼ ਮੁਲਾਜ਼ਮਾਂ, ਡਾਕਟਰਾਂ ਖ਼ਿਲਾਫ਼ ਧਾਰਾ 304-ਏ ਤਹਿਤ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫ਼ਰਾਰ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਅਰਬਨ ਕਮਿਊਨਿਟੀ ਸੈਂਟਰ ਦੇ ਮੌਜੂਦਾ ਡਾਕਟਰਾਂ ਅਤੇ ਸਟਾਫ਼ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਬਸਤੀ ਗੁਜ਼ਾਂ ਸਥਿਤ ਕਮਿਊਨਿਟੀ ਹੈਲਥ ਸੈਂਟਰ ‘ਚ ਮਰੀਜ਼ ਦੀ ਮੌਤ ਹੋਣ ਕਾਰਨ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਦੋਸ਼ ਸੀ ਕਿ ਉਨ੍ਹਾਂ ਦਾ ਮਰੀਜ਼ ਤੜਫ-ਤੜਫ ਕੇ ਮਰ ਗਿਆ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਮੌਕੇ ਉਪਰ ਸਿਹਤ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ। ਬਸਤੀ ਮਿੱਠੂ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਮੋਢੇ ‘ਚ ਦਰਦ ਹੋਣ ਦੀ ਦਵਾਈ ਲੈਣ ਲਈ ਹਸਪਤਾਲ ਪਹੁੰਚੇ। ਉਹ ਆਪੇ ਹੀ ਸਕੂਟਰ ਚਲਾ ਕੇ ਹਸਪਤਾਲ ਤੱਕ ਗਏ ਜਿੱਥੇ ਉਨ੍ਹਾਂ ਨੇ ਆਪਣਾ ਐਕਸਰੇ ਵੀ ਕਰਵਾਇਆ। ਕੁਝ ਦੇਰ ਮਗਰੋਂ ਉਸ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਉਸ ਦੇ ਪਿਤਾ ਦੀ ਸਿਹਤ ਖ਼ਰਾਬ ਹੋ ਗਈ ਹੈ ਤੇ ਉਹ ਡਿੱਗ ਪਏ ਹਨ। ਉਹ ਤੁਰੰਤ ਹਸਪਤਾਲ ਪੁੱਜੇ ਤਾਂ ਵੇਖਿਆ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਦੇ ਐਂਟਰੀ ਗੇਟ ‘ਚ ਡਿੱਗੇ ਪਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਡਿਊਟੀ ‘ਤੇ ਤਾਇਨਾਤ ਕਿਸੇ ਵੀ ਡਾਕਟਰ ਨੇ ਸਾਰ ਨਹੀਂ ਲਈ।