Breaking- ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਵੇਰਵਿਆਂ ਨੂੰ ਅਪਡੇਟ ਕਰਾਉਣ ਦੀ ਅਪੀਲ
ਫਰੀਦਕੋਟ, 1 ਫਰਵਰੀ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ 8-10 ਸਾਲਾਂ ਤੋਂ ਆਪਣਾ ਅਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਜਾਂ ਕਿਸੇ ਵੀ ਕਿਸਮ ਦੀ ਕੋਈ ਸੋਧ ਨਹੀਂ ਕਰਵਾਈ ਜਿਵੇਂ ਕਿ ਫੋਟੋ, ਪਤਾ, ਜਨਮ ਮਿਤੀ, ਜ਼ਰੂਰੀ ਬਾਓਮੈਟ੍ਰਿਕਸ (ਅੱਖਾਂ ਅਤੇ ਹੱਥ ਦੇ ਨਿਸ਼ਾਨ) ਆਦਿ ਉਨ੍ਹਾਂ ਨੂੰ ਆਪਣੇ ਅਧਾਰ ਕਾਰਡ ਵਿੱਚ ਪਛਾਣ ਦੇ ਸਬੂਤ (ਪੀ.ਓ.ਆਈ.) ਅਤੇ ਪਤੇ ਦੇ ਸਬੂਤ (ਪੀ.ਓ.ਏ.) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਆਨ-ਲਾਈਨ ਦੇ ਨਾਲ-ਨਾਲ ਆਧਾਰ ਕੇਂਦਰਾਂ ‘ਤੇ ਵੀ ਅਪਡੇਟ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਲੋੜ ਹੁੰਦੀ ਹੈ, ਭਾਵੇਂ ਉਹਨਾਂ ਦੇ ਜਨਸੰਖਿਆ ਡੇਟਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਡਾ. ਦੁੱਗ ਨੇ ਕਿਹਾ ਕਿ ਭਾਰਤ ਸਰਕਾਰ ਦੇ ਯੂ.ਆਈ.ਏ.ਡੀ.ਆਈ. ਵਿਭਾਗ ਵੱਲੋਂ ਹੋਈਆਂ ਹਦਾਇਤਾਂ ਅਨੁਸਾਰ ਨਾਗਰਿਕਾਂ ਨੂੰ ਆਪਣੇ ਅਧਾਰ ਕਾਰਡ ਦੇ ਪਛਾਣ ਅਤੇ ਰਿਹਾਇਸ਼ ਦੇ ਪ੍ਰਮਾਣ ਅਪਡੇਟ ਕਰਨ ਲੋੜ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਪਣਾ ਮੋਬਾਈਲ ਨੰਬਰ ਅਤੇ ਦਸਤਾਵੇਜ਼ ਆਧਾਰ ਕਾਰਡ ਨਾਲ ਅੱਪਡੇਟ ਕਰਵਾ ਕੇ ਰੱਖਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਈ ਨਾਗਰਿਕਾਂ ਨੇ ਆਪਣਾ ਪਤਾ ਬਦਲਿਆ ਹੈ ਅਤੇ ਆਪਣੇ ਆਧਾਰ ਕਾਰਡਾਂ ਨੂੰ ਅੱਪਡੇਟ ਕੀਤਾ ਹੈ ਪਰੰਤੂ ਕਈਆਂ ਨੇ ਆਧਾਰ ਅਪਡੇਟਨਹੀਂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਆਧਾਰ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸ ਦੀ ਤਸਦੀਕ ਕਰ ਲਈ ਜਾਵੇ ਕਿਉਂਕਿ ਇਹ ਫਰਜ਼ੀ/ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ।
ਉਨ੍ਹਾਂ ਕਿਹਾ ਨਾਗਰਿਕ https://myaadhaar.uidai.gov.in/ ਪੋਰਟਲ ‘ਤੇ ਆਪਣੇ ਦਸਤਾਵੇਜ਼ਾਂ ਨੂੰ ਆਨਲਾਈਨ ਵੀ ਅਪਲੋਡ ਕਰ ਸਕਦੇ ਹਨ ਜਾਂ ਆਪਣੇ ਸਬੰਧਤ ਖੇਤਰਾਂ ਵਿੱਚ ਆਧਾਰ ਨਾਮਾਂਕਣ ਕੇਂਦਰਾਂ ‘ਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 0-5 ਉਮਰ ਵਰਗ ਦੇ ਬੱਚੇ ਦਾ ਨਾਮਾਂਕਣ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਦਾ ਜ਼ਰੂਰੀ ਬਾਇਓ-ਮੈਟ੍ਰਿਕ (ਐਮ.ਬੀ.ਯੂ.) ਵੀ ਲਾਜ਼ਮੀ ਅੱਪਡੇਟ ਕਰਵਾਏ ਜਾਣ।