Breaking- ਡੀ .ਈ.ਓ. (ਸੈ.ਸਿ.) ਫਰੀਦਕੋਟ ਦੀ ਆਸਾਮੀ 6 ਮਹੀਨਿਆਂ ਤੋਂ ਖਾਲੀ
ਜ਼ਿਲ੍ਹਾ ਫਰੀਦਕੋਟ ਦੇ 11 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ
ਫਰੀਦਕੋਟ ਜ਼ਿਲ੍ਹੇ ਵਿੱਚ ਸਿਖਿਆ ਵਿਭਾਗ ਨਾਲ ਸਬੰਧਤ ਸਾਰੇ ਦਫਤਰਾਂ ਵਿੱਚ ਸੁਪਰਡੈਂਟਾਂ ਦੀਆਂ 100 ਫੀਸਦੀ ਆਸਾਮੀਆਂ ਖਾਲੀ
ਫਰੀਦਕੋਟ, 19 ਸਤੰਬਰ – (ਪੰਜਾਬ ਡਾਇਰੀ ) ਪੰਜਾਬ ਦੇ ਸਿੱਖਿਆ ਵਿਭਾਗ ਦਾ ਧਿਆਨ ਆਪਣੇ ਅਧੀਨ ਦਫਤਰਾਂ ਤੇ ਸਕੂਲਾਂ ਦੀ ਕਾਰਜ ਕੁਸ਼ਲਤਾ ਵੱਲ ਕਿੰਨਾ ਕੁ ਹੈ , ਇਸ ਦੀ ਸਵੈਸਪੱਸ਼ਟ ਝਲਕ ਸਾਹਮਣੇ ਆਈ ਹੈ । ਫ਼ਰੀਦਕੋਟ ਜ਼ਿਲ੍ਹੇ ਵਿੱਚ ਡੀ.ਈ.ਓ ( ਸੈ. ਸਿ. ) ਦੀ ਆਸਾਮੀ ਪਿਛਲੇ 31 ਮਾਰਚ ਨੂੰ ਸ੍ਰੀ ਸੱਤ ਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ ) ਦੇ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਖਾਲੀ ਪਈ ਹੈ । ਸ੍ਰੀ ਸ਼ਿਵ ਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਰੀਦਕੋਟ ਇਸ ਸਮੇਂ ਦੋਵਾਂ ਅਹੁਦਿਆਂ ਦੀ ਦੇਖ ਰੇਖ ਕਰ ਰਹੇ ਹਨ । ਇਸ ਤੋਂ ਇਲਾਵਾ ਦਫ਼ਤਰੀ ਅਮਲੇ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ । ਜ਼ਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ ) ਦੇ ਦਫ਼ਤਰ ਵਿੱਚ ਸੁਪਰਡੈਂਟਾਂ ਦੀ 2 ਆਸਾਮੀਆਂ ਮਨਜ਼ੂਰ ਹਨ । ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ( ਐਲੀਮੈੰਟਰੀ ਸਿੱਖਿਆ ) , ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ , ਪੰਡਿਤ ਚੇਤਨ ਦੇਵ ਸਰਕਾਰੀ ਬੀ. ਐੱਡ. ਕਾਲਜ ਫ਼ਰੀਦਕੋਟ, ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿੱਚ ਸੁਪਰਡੈੰਟ ਦੀ ਇੱਕ – ਇਕ ਅਸਾਮੀ ਪ੍ਰਵਾਨ ਹੈ । ਫ਼ਰੀਦਕੋਟ ਜ਼ਿਲ੍ਹੇ ਦੇ ਸਿੱਖਿਆ ਦਫ਼ਤਰਾਂ ਤੇ ਹੋਰ ਸਰਕਾਰੀ ਕਾਲਜਾਂ ਤੇ ਸੰਸਥਾਵਾਂ ਵਿੱਚ ਸੁਪਰਡੈੰਟਾਂ ਦੀਆਂ ਕੁੱਲ 6 ਅਸਾਮੀਆਂ ਮਨਜ਼ੂਰ ਹਨ । ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋੰ , ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ਅਤੇ ਜੱਥੇਬੰਦੀ ਦੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸਾਰੇ ਦਫ਼ਤਰਾਂ , ਸਰਕਾਰੀ ਕਾਲਜਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਸੁਪਰਡੈਂਟਾਂ ਦੀਆਂ 100 ਫ਼ੀਸਦੀ ਅਸਾਮੀਆਂ ਪਿਛਲੇ ਕਈ ਸਾਲਾਂ ਤੋਂ ਖਾਲੀ ਪਈਆਂ ਹਨ । ਉਨ੍ਹਾਂ ਅੱਗੇ ਦੱਸਿਆ ਕਿ ਇਹ ਅਸਾਮੀਆਂ ਖਾਲੀ ਹੋਣ ਕਾਰਨ ਦਫਤਰਾਂ ਦਾ ਕੰਮ ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ ।
ਇਸ ਤੋਂ ਇਲਾਵਾ ਜ਼ਿਲ੍ਹਾ ਫਰੀਦਕੋਟ ਦੇ 43 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋੰ 11 ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ । ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਮੌਜ਼ੂਦ ਪ੍ਰਿੰਸੀਪਲਾਂ ਨੂੰ ਦੋ ਜਾਂ ਦੋ ਤੋਂ ਵਧੇਰੇ ਸਕੁਲਾਂ ਦਾ ਚਾਰਜ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ , ਅਜਿਹਾ ਹੋਣ ਨਾਲ ਸਿੱਖਿਆ ਦਾ ਮਹੱਤਵਪੂਰਨ ਕਾਰਜ ਪ੍ਰਭਾਵਿਤ ਹੋ ਰਿਹਾ ਹੈ ।
ਅਧਿਆਪਕ ਆਗੂਆਂ ਨੇ ਸਕੂਲੀ ਸਿੱਖਿਆ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਸਿੱਖਿਆ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ ਦੀ ਖਾਲੀ ਪਈ ਅਸਾਮੀ , ਪ੍ਰਿੰਸੀਪਲਾਂ ਦੀਅਂ ਖਾਲੀ ਪਈਆਂ ਅਸਾਮੀਆਂ ਅਤੇ ਸਿੱਖਿਆ ਵਿਭਾਗ ਦੇ ਵੱਖ ਵੱਖ ਦਫ਼ਤਰਾਂ ਵਿੱਚ ਸੁਪਰਡੈੰਟਾ ਦੀਆੑਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਨੂੰ ਪਹਿਲੇ ਨੰਬਰ ਤੇ ਲਿਆਉਣ ਦਾ ਸੁਪਨਾ ਸਾਕਾਰ ਹੋ ਸਕੇ ।