Breaking- ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਬਾਬਾ ਫਰੀਦ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
ਸੁਰੱਖਿਆ, ਟਰੈਫਿਕ, ਪਾਰਕਿੰਗ, ਟਿਕਟ ਕਾਊਂਟਰ ਸਮੇਤ ਸਾਰੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਫਰੀਦਕੋਟ, 14 ਸਤੰਬਰ – (ਪੰਜਾਬ ਡਾਇਰੀ) ਬਾਬਾ ਫਰੀਦ ਆਗਮਨ ਪੁਰਬ ਅਤੇ ਵਿਰਾਸਤ ਏ ਫਰੀਦਕੋਟ ਮੇਲੇ ਸਬੰਧੀ ਵੱਖ ਵੱਖ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਐਸ.ਪੀ. ਸ. ਰਾਜਪਾਲ ਸਿੰਘ ਵੱਲੋਂ ਮੇਲੇ ਵਾਲੀ ਥਾਂ ਦਾਣਾ ਮੰਡੀ ਫਰੀਦਕੋਟ-ਫਿਰੋਜਪੁਰ ਰੋਡ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਅਤੇ ਵਿਰਾਸਤ-ਏ-ਫਰੀਦਕੋਟ ਨਾਲ ਸਬੰਧਤ ਸਾਰੇ ਹੀ ਸਮਾਗਮ 20 ਸਤੰਬਰ ਤੋਂ 28 ਸਤੰਬਰ 2022 ਦਾਣਾ ਮੰਡੀ ਵਿਖੇ ਹੇਣਗੇ ਅਤੇ ਇਸ ਲਈ ਜਿਲਾ ਪ੍ਰਸ਼ਾਸ਼ਨ, ਪੁਲਿਸ ਵਿਭਾਗ ਵੱਲੋਂ ਢੁੱਕਵੇਂ ਪ੍ਰਬੰਧ ਕੀਤਾ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਮੇਲੇ ਵਿੱਚ ਰੋਜਾਨਾ ਆਉਣ ਜਾਣ ਵਾਲੇ ਲੋਕਾਂ ਲਈ ਟਰੈਫਿਕ ਪ੍ਰਬੰਧ, ਸੁਰੱਖਿਆ ਪ੍ਰਬੰਧ ਟਿਕਟ ਕਾਊਂਟਰ, ਪੀਣ ਵਾਲੇ ਪਾਣੀ, ਸਫਾਈ, ਟੈਂਟਿੰਗ, ਪਾਰਕਿੰਗ ਆਦਿ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਲਈ ਇਸ ਤਰ੍ਹਾਂ ਦੇ ਸੁਚਾਰੂ ਪ੍ਰਬੰਧ ਕੀਤੇ ਜਾਣ ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਵੱਖ ਵੱਖ ਪ੍ਰਦਰਸ਼ਨੀਆਂ, ਸਟਾਲਾਂ ਆਦਿ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਐਸ.ਐਸ.ਪੀ. ਸ. ਰਾਜਪਾਲ ਸਿੰਘ ਨੇ ਮੇਲੇ ਲਈ ਪਾਰਕਿੰਗ, ਟਰੈਫਿਕ ਪ੍ਰਬੰਧ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ਤੇ ਜਾਇਜਾ ਲਿਆ ਅਤੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਜਿਲਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਟਰੈਫਿਕ ਤੇ ਪਾਰਕਿੰਗ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਫੀ ਨਾਈਟ ਜੋ ਕਿ 22 ਸਤੰਬਰ ਦੀ ਸ਼ਾਮ ਨੂੰ ਹੋਣੀ ਹੈ ਲਈ ਸਪੈਸ਼ਲ ਰੂਟ ਪਲਾਨ ਤਿਆਰ ਕੀਤਾ ਜਾਵੇਗਾ, ਪਾਰਕਿੰਗ ਜੌਨ ਬਣਾਏ ਜਾਣਗੇ ਅਤੇ ਇਸ ਸਬੰਧੀ ਸੂਚਨਾ ਪ੍ਰੈਸ ਰਾਹੀ ਜਾਰੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਡੀ.ਆਰ.ਓ. ਡਾ. ਅਜੀਤ ਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ , ਸ੍ਰੀ ਕਰਨ ਬਰਾੜ ਡੀ.ਐਸ.ਓ, ਡਾ. ਅਮਨਦੀਪ ਕੇਸ਼ਵ ਪੀ.ਡੀ. ਆਤਮਾ, ਜਿਲਾ ਮੰਡੀ ਅਫਸਰ ਸ੍ਰੀ ਪ੍ਰੀਤ ਕੰਵਲ ਬਰਾੜ, ਸ੍ਰੀ ਜਸਬੀਰ ਜੱਸੀ, ਸ੍ਰੀ ਸੁਭਾਸ਼ ਕੁਮਾਰ ਸੈਕਟਰੀ ਰੈਡ ਕਰਾਸ ਸਮੇਤ ਭਾਰਤੀ ਫੌਜ ਬੀ.ਐਸ.ਐਫ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।