Breaking- ਦਰਜਾ ਚਾਰ ਮੁਲਾਜ਼ਮਾਂ ਨੂੰ ਤਿਉਹਾਰੀ ਕਰਜ਼ੇ ਦੀ ਤੁਰੰਤ ਅਦਾਇਗੀ ਕੀਤੀ ਜਾਵੇ
ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
ਕੋਟਕਪੂਰਾ, 27 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਮਨਿਸਟਰੀਅਲ ਸਟਾਫ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਦੀਵਾਲੀ ਤੋਂ ਪਹਿਲਾਂ ਮਿਲਣ ਵਾਲਾ ਤਿਉਹਾਰੀ ਕਰਜ਼ਾ ਨਹੀਂ ਮਿਲ ਸਕਿਆ । ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਦਰਜਾ ਚਾਰ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ਾ ਦਿੱਤਾ ਜਾਂਦਾ ਰਿਹਾ ਹੈ । ਇਸ ਵਾਰ ਵੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 11 ਅਕਤੂਬਰ 22 ਨੂੰ ਪੱਤਰ ਜਾਰੀ ਕਰਕੇ 10000 ਰੁਪਏ ਤਿਉਹਾਰੀ ਕਰਜ਼ਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਪੱਤਰ ਵਿੱਚ ਦਰਜ ਹਦਾਇਤਾਂ ਅਨੁਸਾਰ ਇਹ ਰਕਮ 21 ਅਕਤੂਬਰ 22 ਤੱਕ ਖ਼ਜ਼ਾਨਾ ਦਫ਼ਤਰਾਂ ਵਿੱਚੋਂ ਕਢਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ । ਪਰ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਲਮ ਛੋਡ਼ ਹਡ਼ਤਾਲ ਕਾਰਨ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਇਸ ਕਲਮ ਛੋਡ਼ ਹਡ਼ਤਾਲ ਦਾ ਖਮਿਆਜ਼ਾ ਭੁਗਤਣਾ ਪਿਆ ਦੀਵਾਲੀ ਤੋਂ ਪਹਿਲਾਂ ਮਿਲਣ ਵਾਲਾ ਤਿਉਹਾਰੀ ਕਰਜ਼ਾ ਨਹੀਂ ਮਿਲ ਸਕਿਆ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਉਧਾਰ ਫੜ ਕੇ ਆਪਣੀ ਦੀਵਾਲੀ ਮਨਾਉਣੀ ਪਈ।
ਇਸ ਸਬੰਧ ਵਿੱਚ ਪੰਜਾਬ ਸੁਬਾਰਡੀਨੇਟ ਸਰਿਵਸਿਜ਼ ਫੈਡਰੇਸ਼ਨ ਦੇ ਸੂਬਾਈ ਕਾਰਜਕਾਰੀ ਚੇਅਰਮੈਨ ਅਤੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਤੇ ਕਰਤਾਰ ਸਿੰਘ ਪਾਲ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਪ੍ਰਭਜੀਤ ਸਿੰਘ ਉੱਪਲ, ਮੀਤ ਪ੍ਰਧਾਨ ਜਸਵਿੰਦਰ ਪਾਲ ਉੱਘੀ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਣ ਸਿੰਘ ਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਜਾ ਚਾਰ ਕਰਮਚਾਰੀਆਂ ਨੂੰ ਤਿਉਹਾਰੀ ਕਰਜ਼ਾ ਦੇਣ ਸਬੰਧੀ ਨਿਰਧਾਰਤ ਕੀਤੀ ਗਈ ਮਿਤੀ ਵਿੱਚ ਵਾਧਾ ਕਰਕੇ ਸਮੂਹ ਦਰਜਾ ਚਾਰ ਕਰਮਚਾਰੀਆਂ ਨੂੰ ਤਿਉਹਾਰੀ ਕਰਜ਼ੇ ਦੀ ਤੁਰੰਤ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇ ।