Breaking- ਨੋਇਡਾ ਦੇ ਸੈਕਟਰ 93 ‘ਚ ਬਣੇ 100 ਮੀਟਰ ਤੋਂ ਵੱਧ ਉਚਾਈ ਵਾਲੇ ਸੁਪਰਟੈੱਕ ਟਵਿਨ ਟਾਵਰ ਨੂੰ ਢਹਿ-ਢੇਰੀ ਕੀਤਾ ਗਿਆ
29 ਅਗਸਤ – ਨੋਇਡਾ ਦੇ ਸੈਕਟਰ 93 ‘ਚ ਬਣੇ ਸੁਪਰਟੈਕ ਦੇ ਗੈਰ-ਕਾਨੂੰਨੀ ਟਵਿਨ ਟਾਵਰਾਂ ਨੂੰ ਦੁਪਹਿਰ 2.30 ਵਜੇ ਢਾਹ ਦਿੱਤਾ ਗਿਆ। 100 ਮੀਟਰ ਤੋਂ ਵੱਧ ਦੀ ਉਚਾਈ ਵਾਲੇ ਦੋਵੇਂ ਟਾਵਰਾਂ ਨੂੰ ਡਿੱਗਣ ਵਿੱਚ ਸਿਰਫ਼ 12 ਸਕਿੰਟ ਲੱਗੇ। ਧਮਾਕੇ ਤੋਂ ਪਹਿਲਾਂ ਕਰੀਬ 7 ਹਜ਼ਾਰ ਲੋਕਾਂ ਨੂੰ ਵਿਸਫੋਟ ਜ਼ੋਨ ਤੋਂ ਹਟਾਇਆ ਗਿਆ ਸੀ। ਟਾਵਰ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੱਕ 5 ਰਸਤਿਆਂ ‘ਤੇ ਆਵਾਜਾਈ ਬੰਦ ਰਹੇਗੀ। ਇੱਥੇ ਨੋਇਡਾ ਪੁਲਿਸ ਦੇ 400 ਤੋਂ ਵੱਧ ਜਵਾਨ ਤਾਇਨਾਤ ਹਨ। ਐਮਰਜੈਂਸੀ ਲਈ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਸੀ। ਧਮਾਕੇ ਤੋਂ ਬਾਅਦ ਇਲਾਕੇ ‘ਚ ਪ੍ਰਦੂਸ਼ਣ ਦੇ ਪੱਧਰ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਡਸਟ ਮਸ਼ੀਨਾਂ ਲਗਾਈਆਂ ਗਈਆਂ ਹਨ।
ਦੱਸ ਦੇਈਏ ਕਿ ਐਤਵਾਰ ਨੂੰ ਸਵੇਰੇ 7 ਵਜੇ ਤੋਂ ਇਨ੍ਹਾਂ ਰੂਟਾਂ ‘ਤੇ ਹੋਰ ਸਖ਼ਤੀ ਕੀਤੀ ਜਾਵੇਗੀ। ਸ਼ਾਮ 7 ਵਜੇ ਤੋਂ ਬਾਅਦ ਕਿਸੇ ਨੂੰ ਵੀ ਟਵਿਨ ਟਾਵਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ, ਟਾਵਰ ਦੇ ਆਲੇ ਦੁਆਲੇ ਦੀਆਂ ਦੋ ਸੁਸਾਇਟੀਆਂ, ਏਟੀਐਸ ਵਿਲੇਜ ਅਤੇ ਐਮਰਾਲਡ ਕੋਰਟ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਆਉਣ ਦੀ ਆਗਿਆ ਹੋਵੇਗੀ।
ਟਾਵਰ ਨੂੰ ਢਾਹੁਣ ਲਈ ਵੱਖ-ਵੱਖ ਮੰਜ਼ਿਲਾਂ ’ਤੇ 3700 ਕਿਲੋ ਵਿਸਫੋਟਕ ਲਾਇਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਐਮਰਲਡ ਕੋਰਟ ਅਤੇ ਨਾਲ ਲੱਗਦੀਆਂ ਸੁਸਾਇਟੀਆਂ ਦੇ ਫਲੈਟ ਖਾਲੀ ਕਰਵਾਏ ਸਨ।
2004 ਵਿੱਚ, ਨੋਇਡਾ ਅਥਾਰਟੀ ਨੇ ਇੱਕ ਹਾਊਸਿੰਗ ਸੁਸਾਇਟੀ ਬਣਾਉਣ ਲਈ ਸੁਪਰਟੈਕ ਨੂੰ ਇੱਕ ਪਲਾਟ ਅਲਾਟ ਕੀਤਾ। ਬਿਲਡਿੰਗ ਪਲਾਨ ਨੂੰ 2005 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿੱਚ 10 ਮੰਜ਼ਿਲਾਂ ਦੇ 14 ਟਾਵਰ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ। 2006 ਵਿੱਚ, ਸੁਪਰਟੈਕ ਨੇ ਪਲਾਨ ਵਿਚ ਬਦਲਾਅ ਕਰਦਿਆਂ 11 ਮੰਜ਼ਿਲਾਂ ਦੇ 15 ਟਾਵਰ ਬਣਾ ਦਿੱਤੇ। ਨਵੰਬਰ 2009 ਵਿੱਚ, ਦੋ 24-ਮੰਜ਼ਲਾ ਟਾਵਰਾਂ ਨੂੰ ਸ਼ਾਮਲ ਕਰਨ ਲਈ ਯੋਜਨਾ ਨੂੰ ਦੁਬਾਰਾ ਬਦਲਿਆ ਗਿਆ। ਮਾਰਚ 2012 ਵਿੱਚ, 24 ਮੰਜ਼ਿਲਾਂ ਨੂੰ ਵਧਾ ਕੇ 40 ਕਰ ਦਿੱਤਾ ਗਿਆ। ਜਦੋਂ ਤੱਕ ਪਾਬੰਦੀ ਆਈ, ਉਦੋਂ ਤੱਕ ਇਨ੍ਹਾਂ ਵਿੱਚ 633 ਫਲੈਟ ਬੁੱਕ ਹੋ ਚੁੱਕੇ ਸਨ।