Breaking- ਨੌਕਰ ਹੀ ਚੋਰ ਬਣਿਆ, ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋਇਆ, ਮਾਮਲਾ ਦਰਜ
ਗੁਰਦਾਸਪੁਰ, 2 ਨਵੰਬਰ – (ਬਾਬੂਸ਼ਾਹੀ ਨੈੱਟਵਰਕ) ਪਿੰਡ ਘੁਰਾਲਾ ਦੇ ਇੱਕ ਢਾਬੇ ਤੇ ਕੰਮ ਕਰਨ ਵਾਲਾ ਨੇਪਾਲੀ ਨੌਜਵਾਨ ਮਾਲਕ ਦੇ ਸਾਢੇ 5 ਲੱਖ ਰੁਪਏ ਲੈ ਕੇ ਗਾਇਬ ਹੋ ਗਿਆ।
ਢਾਬੇ ਦੇ ਮਾਲਕ ਅੰਮ੍ਰਿਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਘੁਰਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਘੁਰਾਲਾ ਵਿੱਚ ਢਾਬਾ ਚਲਾਉਂਦਾ ਹੈ। ਉਸ ਨੇ ਕਰੀਬ ਦੋ ਸਾਲ ਪਹਿਲਾਂ ਕਥਿਤ ਕਿਸ਼ਨ ਸੋਨੀ ਪੁੱਤਰ ਕਾਸ਼ੀ ਰਾਮ ਸੋਨੀ ਉਰਫ਼ ਸ਼ਰਮਾ ਵਾਸੀ ਬਵਾਥਨੋ, ਥਾਣਾ ਹੈਲਥਪੋਸਟਾ, ਜ਼ਿਲ੍ਹਾ ਕੰਚਨਪੁਰ, ਨੇਪਾਲ ਨੂੰ ਨੌਕਰੀ ‘ਤੇ ਰੱਖਿਆ ਸੀ | ਉਸ ਨੇ ਆਪਣੇ ਦੋਸਤ ਸੁਖਬੀਰ ਸਿੰਘ ਨੂੰ ਸਾਢੇ ਪੰਜ ਲੱਖ ਰੁਪਏ ਉਧਾਰ ਦਿੱਤੇ ਸਨ। ਉਸ ਦੇ ਦੋਸਤ ਨੇ ਉਸ ਨੂੰ ਪਠਾਨਕੋਟ ਆ ਕੇ ਪੈਸੇ ਵਾਪਸ ਲੈਣ ਲਈ ਕਿਹਾ।
ਇਸ ਤੋਂ ਬਾਅਦ ਉਹ ਅਤੇ ਉਸ ਦਾ ਨੌਕਰ ਕਿਸ਼ਨ ਸੋਨੀ ਨੂੰ ਨਾਲ ਲੈਕੇ ਆਪਣੀ ਕਾਰ ਵਿੱਚ ਪਠਾਨਕੋਟ ਗਿਆ ਅਤੇ ਉਸ ਕੋਲੋਂ ਪੈਸੇ ਲੈ ਕੇ ਨੇਪਾਲੀ ਨੌਕਰ ਨਾਲ ਹੀ ਵਾਪਸ ਆ ਗਿਆ।
ਉਸ ਨੇ ਦੱਸਿਆ ਕਿ ਵਾਪਸ ਆਉਂਦਿਆਂ ਰਾਤ ਉਸਨੇ ਕਿਸ਼ਨ ਸੋਨੀ ਦੇ ਕਿਰਾਏ ਦੇ ਮਕਾਨ ਵਿੱਚ ਜੋ ਰਸਤੇ ਵਿਚ ਹੀ ਸੀ ,ਖਾਣਾ ਖਾਧਾ। ਰਾਤ ਜ਼ਿਆਦਾ ਹੋਣ ਕਾਰਨ ਉਸ ਨੇ ਸੋਨੀ ਨੂੰ ਪੈਸਿਆਂ ਨਾਲ ਭਰਿਆ ਬੈਗ ਆਪਣੇ ਕੋਲ ਰੱਖਣ ਲਈ ਕਿਹਾ ਅਤੇ ਕਿਹਾ ਕਿ ਉਹ ਸਵੇਰੇ ਪੈਸੇ ਲੈ ਜਾਵੇਗਾ। ਜਦੋਂ ਉਸ ਨੇ ਸਵੇਰੇ ਦੱਸ ਵਜੇ ਸੋਨੀ ਨੂੰ ਫ਼ੋਨ ਕੀਤਾ ਤਾਂ ਸੋਨੀ ਦਾ ਫ਼ੋਨ ਬੰਦ ਸੀ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਕਮਰਾ ਖੁੱਲ੍ਹਾ ਪਿਆ ਸੀ। ਕਮਰੇ ਵਿੱਚੋਂ ਉਸ ਵੱਲੋਂ ਵੀ ਲੈ ਕੇ ਦਿੱਤੀ ਗਈ ਐਲ.ਈ.ਡੀ., ਗੈਸ ਸਿਲੰਡਰ ਅਤੇ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ। ਉਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਓਹਦੇ ਨੇਪਾਲੀ ਨੌਜਵਾਨ ਦਾ ਪੈਸੇ ਵੇਖ ਕੇ ਦਿਲ ਬੇਈਮਾਨ ਹੋ ਗਿਆ ਅਤੇ ਉਹ ਹੀ ਉਸ ਦੇ ਪੈਸੇ ਲੈ ਕੇ ਫ਼ਰਾਰ ਹੋਇਆ ਹੈ।