Breaking- ਪੁਲਿਸ ਮੁਲਾਜ਼ਮ ਨਾਲ ਮਾੜਾ ਸਲੂਕ ਕਰਨ ਵਾਲੇ ਕਾਰ ਸਵਾਰ ਵਿਅਕਤੀ ਖਿਲਾਫ ਕੇਸ ਦਰਜ
ਲੁਧਿਆਣਾ, 15 ਅਪ੍ਰੈਲ – ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਕਾਰ ਚਾਲਕ ਵਲੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਮਾੜਾ ਸਲੂਕ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਸ਼ਹਿਰ ਦੇ ਘੰਟਾਂ ਘਰ ਚੌਂਕ ਵਿੱਚ ਟ੍ਰੈਫਿਕ ਪੁਲਿਸ ਦੇ ਹੈੱਡ ਕਾਂਸਟੇਬਲ ਹਰਦੀਪ ਸਿੰਘ ਆਪਣੀ ਡਿਊਟੀ ਦੇ ਰਿਹਾ ਸੀ। ਜਿਸ ਦੌਰਾਨ ਇੱਕ ਕਾਰ ਚਾਲਕ, ਚਲਦੇ ਸਮੇਂ ਫੋਨ ਦੀ ਵਰਤੋਂ ਕਰਦਾ ਆ ਰਿਹਾ ਸੀ। ਉਸ ਸਮੇ ਹੌਲਦਾਰ ਹਰਦੀਪ ਸਿੰਘ ਨੇ ਅੱਗੇ ਹੋ ਕੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਰ ਰੋਕਣ ਦੀ ਬਜਾਏ ਹੌਲਦਾਰ ਹਰਦੀਪ ਸਿੰਘ ਨੂੰ ਆਪਣੀ ਗੱਡੀ ਦੇ ਬੋਨਟ ਤੇ ਟੰਗ ਕੇ ਕਈ ਕਿਲੋਮੀਟਰ ਤੱਕ ਸ਼ਹਿਰ ਦੇ ਗੇੜੇ ਕਢਾਏ ।
ਇਸ ਤੋਂ ਬਾਅਦ ਕਾਰ ਚਾਲਕ ਅਚਾਨਕ ਹਰਦੀਪ ਸਿੰਘ ਨੂੰ ਇੱਕ ਪਾਸੇ ਸੁੱਟ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਦੀ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਪਰ ਮੁਲਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰ ਚਾਲਕ ਖਿਲਾਫ ਧਾਰਾ 307 ਦਾ ਪਰਚਾ ਦਰਜ ਕੀਤਾ ਹੈ ।