Breaking- ਪੰਜਾਬ ਇਸਤ੍ਰੀ ਸਭਾ ਦੀ ਮੀਟਿੰਗ ਵਿੱਚ ਲਖੀਮਪੁਰ ਖੇਰੀ ਬਲਾਤਕਾਰ ਅਤੇ ਕਤਲ ਕਾਂਡ ਦੀ ਨਿਖੇਧੀ, ਸ਼ਸ਼ੀ ਸ਼ਰਮਾ ਨੂੰ ਕਨਵੀਨਰ ਚੁਣਿਆ।
ਫਰੀਦਕੋਟ, 19 ਸਤੰਬਰ – (ਪੰਜਾਬ ਡਾਇਰੀ) ਪੰਜਾਬ ਇਸਤ੍ਰੀ ਸਭਾ ਸ਼ਹਿਰੀ ਕਮੇਟੀ ਫਰੀਦਕੋਟ ਦੀ ਜਨਰਲ ਬਾਡੀ ਮੀਟਿੰਗ ਬੀਬੀ ਸ਼ੀਲਾ ਮਨਚੰਦਾ ਦੀ ਪ੍ਰਧਾਨਗੀ ਹੇਠ ਸਥਾਨਕ ਏਟਕ ਦਫ਼ਤਰ ਵਿਖੇ ਹੋਈ। ਮੀਟਿੰਗ ਨੂੰ ਸਾਬਕਾ ਸੂਬਾਈ ਨਰਸਿਜ਼ ਆਗੂ ਸ਼ਸ਼ੀ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਦੇਸ਼ ਵਿੱਚ ਔਰਤਾਂ ‘ਤੇ ਵਧੇ ਹੋਏ ਜੁਲਮਾਂ ਦੀ ਨਿਖੇਧੀ ਕਰਦੇ ਹੋਏ ਲਖੀਮਪੁਰ ਖੇਰੀ ਵਿੱਚ ਦੋ ਦਲਿਤ ਲੜਕੀਆਂ ਦੀ ਸਮੂਹਿਕ ਬਲਾਤਕਾਰ ਬਾਅਦ ਵਹਿਸ਼ੀ ਢੰਗ ਨਾਲ ਕਤਲ ਕਰਨ ਅਤੇ ਲਾਸ਼ਾਂ ਦਰੱਖਤ ਨਾਲ ਲਟਕਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਨੂੰ ਆਸ਼ਾ ਰਾਣੀ, ਊਸ਼ਾ ਤਨੇਜਾ, ਕੁਲਵਿੰਦਰ ਕੌਰ ਅਤੇ ਵਿਦਿਆਰਥੀ ਆਗੂ ਨਵਨੀਤ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਜੱਥੇਬੰਦੀ ਨੂੰ ਪਦਮ ਸ਼੍ਰੀ ਵਿਮਲਾ ਡਾਂਗ, ਉਸ਼ਮਾ ਰੇਖੀ, ਸ਼ੀਲਾ ਦੀਦੀ ਅਤੇ ਮਹਿੰਦਰ ਸਾਂਬਰ ਦਾ ਆਸ਼ੀਰਵਾਦ ਪ੍ਰਾਪਤ ਹੈ ਜਿਨਾਂ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਮੀਟਿੰਗ ਨੇ ਫਿਲਹਾਲ 11 ਮੈਂਬਰੀ ਕਾਰਜਕਾਰੀ ਕਮੇਟੀ ਅਤੇ 7 ਮੈਂਬਰੀ ਇਨਵਾਈਟੀ ਮੈਂਬਰਾਂ ਦੀ ਚੋਣ ਕੀਤੀ ਅਤੇ ਸ਼ਸ਼ੀ ਸ਼ਰਮਾ ਨੂੰ ਕਨਵੀਨਰ ਦੀ ਜਿੰਮੇਵਾਰੀ ਸੌਂਪੀ ਗਈ। ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ।
ਇੱਕ ਮਤਾ ਪਾਸ ਕਰਕੇ ਅਤਿ ਦੀ ਮਹਿੰਗਾਈ , ਰਿਕਾਰਡ ਤੋੜ ਬੇਰੁਜ਼ਗਾਰੀ ਅਤੇ ਔਰਤਾਂ ਉਪਰ ਵਧ ਰਹੇ ਜੁਲਮਾਂ ਲਈ ਹਕੂਮਤ ਨੂੰ ਜਿੰਮੇਵਾਰ ਦੱਸਦੇ ਹੋਏ ਇਨਸਾਫ ਪਸੰਦ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ।