Breaking- ਪੰਜਾਬ ਐਂਡ ਸਿੰਧ ਬੈਂਕ ਨੇ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਕੀਤੀ ਮੀਟਿੰਗ
ਫਰੀਦਕੋਟ, 5 ਨਵੰਬਰ – (ਪੰਜਾਬ ਡਾਇਰੀ) ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਦੇ ਗਾਹਕਾਂ ਨੂੰ ਕਿਸੇ ਠੱਗੀ ਤੋਂ ਬਚਾਉਣ ਲਈ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਨਵੰਬਰ ਦਾ ਪੂਰਾ ਮਹੀਨਾ ਹੀ ਚਲੇਗੀ ।ਇਸ ਮੁਹਿੰਮ ਦੇ ਤਹਿਤ ਪੰਜਾਬ ਐਂਡ ਸਿੰਧ ਬੈਂਕ ਨੇ ਫ਼ਰੀਦਕੋਟ ਦੇ ਟਾਊਨ ਹਾਲ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਇਸ ਮੀਟਿੰਗ ਵਿੱਚ ਬੈਂਕ ਦੇ ਵੱਖ ਵੱਖ ਪੱਧਰ ਦੇ ਗਾਹਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਬੈਂਕ ਦੇ ਅਧਿਕਾਰੀਆਂ ਨੇ ਆਪਣੇ ਗਾਹਕਾਂ ਨੂੰ ਸਾਈਬਰ ਠੱਗੀ ਤੋਂ ਬਚਾਉਣ ਲਈ ਵੱਖ ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਇਸ ਮੌਕੇ ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਅੱਜ ਟੈਕਨਾਲੋਜੀ ਬਹੁਤ ਐਡਵਾਂਸ ਹੋ ਗਈ ਹੈ ਜਿਸ ਕਾਰਨ ਕ੍ਰਿਮਿਨਲ ਵੀ ਇਸ ਟੈਕਨਾਲੋਜੀ ਦਾ ਇਸਤੇਮਾਲ ਕਰਕੇ ਗਾਹਕਾਂ ਨਾਲ ਠੱਗੀ ਮਾਰਨ ਤੋਂ ਗੁਰੇਜ਼ ਨਹੀਂ ਕਰਦੇ ਪਰ ਜੇਕਰ ਗਾਹਕਾਂ ਨੂੰ ਇਨ੍ਹਾਂ ਦੀ ਠੱਗੀ ਮਾਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਬਹੁਤ ਹੱਦ ਤਕ ਇਨ੍ਹਾਂ ਠੱਗੀਆਂ ਤੋਂ ਬਚਾਅ ਹੋ ਸਕਦਾ ਹੈ ।ਉਨ੍ਹਾਂ ਦੱਸਿਆ ਕਿ ਬੈਂਕ ਕਦੇ ਵੀ ਆਪਣੇ ਗਾਹਕ ਤੋਂ ਓਟੀਪੀ ਨਹੀਂ ਮੰਗਦਾ। ਇਸ ਲਈ ਡਿਜੀਟਲ ਲੈਣ ਦੇਣ ਸਮੇਂ ਪ੍ਰਾਪਤ ਹੋਏ ਓਟੀਪੀ ਨੂੰ ਬਿਲਕੁਲ ਕਿਸੇ ਨੂੰ ਵੀ ਨਾ ਦੱਸਿਆ ਜਾਵੇ । ਬਹੁਤ ਸਾਰੇ ਨੌਸਰਬਾਜ਼, ਗਾਹਕਾਂ ਨੂੰ ਇਸ ਤਰ੍ਹਾਂ ਆਪਣੇ ਜਾਲ ਵਿਚ ਫਸਾ ਲੈਂਦੇ ਹਨ ਕਿ ਉਹ ਬੈਂਕ ਤੋਂ ਹੀ ਬੋਲ ਰਹੇ ਹਨ ਅਤੇ ਉਨ੍ਹਾਂ ਦੇ ਖਾਤੇ ਬਾਰੇ ਕਨਫਰਮੇਸ਼ਨ ਕਰਨੇ ਚਾਹੁੰਦੇ ਹਨ ਜਿਸ ਤੇ ਕਈ ਗਾਹਕ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਖਾਤੇ ਬਾਰੇ ਜਾਣਕਾਰੀ ਦੇ ਦਿੰਦੇ ਹਨ । ਇਹ ਨੌਸਰਬਾਜ਼ ਬੈਂਕ ਦੇ ਗਾਹਕਾਂ ਨੂੰ ਖਾਤਾ ਬੰਦ ਹੋ ਜਾਣ ,ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਕੈਂਸਲ ਕਰ ਦਿੱਤੇ ਜਾਣ ਜਿਹੀਆਂ ਧਮਕੀਆਂ ਦੇ ਕੇ ਆਪਣੇ ਚੁੰਗਲ ਵਿੱਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਖਾਤੇ ਵਿਚੋਂ ਕੈਸ਼ ਟਰਾਂਸਫਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕੀ ਅਜਿਹੇ ਨੌਸਰਬਾਜ਼ਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਅਤੇ ਆਪਣੀਆਂ ਬੈਂਕ ਸਬੰਧੀ ਜਾਣਕਾਰੀਆਂ ਜਾਂ ਪ੍ਰਾਪਤ ਹੋਏ ਓਟੀਪੀ ਨੂੰ ਕਦੇ ਕਿਸੇ ਨਾਲ ਸਾਂਝਾ ਨਹੀਂ ਚਾਹੀਦਾ । ਇਸ ਮੌਕੇ ਬੈਂਕ ਦੇ ਲੀਡ ਬੈਂਕ ਮੈਨੇਜਰ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।