Breaking- ਪੰਜਾਬ ਦੀਆਂ ਤਾਜਾ ਘਟਨਾਵਾਂ ਕਰ ਰਹੀਆਂ ਹਨ, ਪੰਜਾਬ ਦਾ ਮਾਹੌਲ ਖਰਾਬ :- ਸ. ਜਸਵੀਰ ਸਿੰਘ ਗੜ੍ਹੀ
ਫਰੀਦਕੋਟ, 23 ਮਾਰਚ – (ਪੰਜਾਬ ਡਾਇਰੀ) ਬਸਪਾ ਦੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣਾ ਸਿੱਖ ਵਿਰੋਧੀ ਏਜੰਡਾ ਆਮ ਆਦਮੀ ਪਾਰਟੀ (ਆਪ) ਰਾਹੀਂ ਲਾਗੂ ਕਰਵਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਤਾਜਾ ਘਟਨਾਵਾਂ ਤੋਂ ਭਾਜਪਾ ਤੇ ਆਪ ਦੀ ਸਾਂਝ ਜੰਗਜਾਹਿਰ ਹੋ ਗਈ ਹੈ। ਪੰਜਾਬ ਵਿੱਚ ਸਿੱਖ ਨੌਜਵਾਨਾਂ, ਜਿਨ੍ਹਾਂ ਦਾ ਕਈ ਗੰਭੀਰ ਅਪਰਾਧਕ ਪਿਛੋਕੜ ਨਹੀਂ ਹੈ, ਉਨ੍ਹਾਂ ‘ਤੇ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਆਸਾਮ ਦੀ ਜੇਲ੍ਹ ਵਿੱਚ ਭੇਜ ਕੇ ਭਾਜਪਾ ਦੇ ਸਪੁਰਦ ਕੀਤਾ ਜਾ ਰਿਹਾ ਹੈ।
ਪੰਜਾਬ ਬਸਪਾ ਦੇ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਕੋਲ ਜੇਲ੍ਹ ਵਿਭਾਗ ਦਾ ਚਾਰਜ ਵੀ ਹੈ, ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਉਂ ਨਹੀਂ ਰੱਖ ਪਾ ਰਹੇ ਤੇ ਪੰਜਾਬ ਦੇ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਭਾਜਪਾ ਸਰਕਾਰ ਨੂੰ ਕਿਉਂ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇੰਨੀ ਦਰ ਭੇਜਿਆ ਜਾ ਰਿਹਾ ਹੈ, ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਤੱਕ ਪਹੁੰਚ ਵੀ ਨਾ ਕਰ ਸਕਣ। ਇਸ ਤੋਂ ਸਪਸ਼ਟ ਹੈ ਕਿ ਆਪ ਅਤੇ ਭਾਜਪਾ ਸਰਕਾਰਾਂ ਰਲ ਕੇ ਸਿੱਖਾਂ ‘ਤੇ ਦਮਨਕਾਰੀ ਨੀਤੀਆਂ ਲਾਗੂ ਕਰ ਰਹੀਆਂ ਹਨ। ਭਾਜਪਾ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਏਜੰਡਾ ਪੰਜਾਬ ਵਿੱਚ ਆਪ ਰਾਹੀਂ ਲਾਗੂ ਕਰ ਰਹੀ ਹੈ। ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਪ ਤੇ ਭਾਜਪਾ ਸਰਕਾਰਾਂ ਨੂੰ ਕਾਨੂੰਨ ਮੁਤਾਬਕ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਹੀ ਕਾਰਵਾਈ ਕਰਨੀ ਚਾਹੀਦੀ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬਡਕਰ ਜੀ ਦੇ ਸੰਵਿਧਾਨ ਦੀ ਭਾਵਨਾ ਮੁਤਾਬਕ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕਰਨਾ ਚਾਹੀਦਾ | ਉਨ੍ਹਾਂ ਨੂੰ ਦਮਨਕਾਰੀ ਕਾਰਵਾਈਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਬਾਰੇ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਅਜਿਹੀਆਂ ਕਾਰਵਾਈਆਂ ਰਾਹੀਂ ਹੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਰੱਖਿਆ ਸੀ ਤੇ ਹੁਣ ਇਹੀ ਕੰਮ ਆਪ ਤੇ ਭਾਜਪਾ ਸਰਕਾਰਾਂ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਮੁਤਾਬਕ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇੱਕ ਪਾਸੋ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੂੰ ਰਿਹਾਅ ਕਰਨ ਦੀ ਬਜਾਏ ਸਰਕਾਰਾਂ ਵੱਲੋਂ ਹੋਰ ਸਿੱਖਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ। ਅਜਿਹੀਆਂ ਦਮਨਕਾਰੀ ਨੀਤੀਆਂ ਖਿਲਾਫ ਲੋਕਾਂ ਵਿੱਚ ਰੋਸ ਜਾਗਣਾ ਸੁਭਾਵਿਕ ਹੈ।
ਇਸ ਮੌਕੇ ਬਸਪਾ ਦੇ ਬਲਦੇਵ ਸਿੰਘ ਮਹਿਰਾ ਮੀਤ ਪ੍ਰਧਾਨ ਪੰਜਾਬ, ਲਾਲ ਸਿੰਘ ਸਹਿਲਾਣੀ ਜਨਰਲ ਸੈਕੇਟਰੀ, ਸ. ਗੁਰਬਖਸ ਸਿੰਘ ਚੌਹਾਨ ਜਿਲ੍ਹਾ ਪ੍ਰਧਾਨ ਫਰੀਦਕੋਟ, ਮਾਸਟਰ ਜਗਦੇਵ ਸਿੰਘ ਗੋਗੀ ਤਲਵੰਡੀ ਸਾਬੋ, ਅਵਤਾਰ ਕ੍ਰਿਸ਼ਨ ਐਡਵੋਕੇਟ, ਪੱਪੂ ਸਿੰਘ ਹਲਕਾ ਪ੍ਰਧਾਨ ਫਰੀਦਕੋਟ, ਹੈਪੀ ਸਿੰਘ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਸਾਬਕਾ ਸਰਪੰਚ, ਫੂਲਾ ਸਿੰਘ ਪਿਪਲੀ, ਜਸਵਿੰਦਰ ਸਿੰਘ ਬਰਾੜ੍ਹ ਪਿਪਲੀ, ਐਡਵੋਕੇਟ ਲਾਲਵਿੰਦਰ ਸਿੰਘ ਚੌਹਾਨ, ਐਡਵੋਕੇਟ ਗੁਰਜਿੰਦਰ ਸਿੰਘ ਝੱਖੜਵਾਲਾ, ਮੇਜਰ ਸਿੰਘ ਘਾਰੂ, ਮਨਜੀਤ ਸਿੰਘ ਖੋਖਰ, ਸਾਜਨ ਸਿੰਘ ਗਿੱਲ, ਜਸਪਾਲ ਸਿੰਘ, ਅਜ਼ਾਦ ਖਾਨ ਆਦਿ ਹੌਰ ਵੀ ਵਰਕਰ ਭਾਰੀ ਸੰਖਿਆ ਵਿੱਚ ਮੌਜੂਦ ਸਨ।