Breaking- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਸਟਾਫ ਵਲੋਂ ਧਰਨੇ ਦਾ ਐਲਾਨ
ਫਰੀਦਕੋਟ, 5 ਨਵੰਬਰ – (ਬਾਬੂਸ਼ਾਹੀ ਨੈੱਟਵਰਕ) ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੀਆਂ ICU ਅਤੇ ਐਮਰਜੈਸੀ ਸੇਵਾਵਾਂ ਅੱਜ ਤੋਂ ਠੱਪ ਰਹਿਣਗੀਆਂ ਕਿਉਂਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਾਤਲ ਦਾ ਸਟਾਫ਼ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੂਰੇ ਦਿਨ ਦੇ ਧਰਨੇ ਦਾ ਐਲਾਨ ਕੀਤਾ ਹੈ। ਇਸ ਧਰਨੇ ਦੌਰਾਨ ਸਟਾਫ਼ ਨਰਸਾਂ, ਅਪ੍ਰੇਸ਼ਨ ਥੀਏਟਰ ਸਹਾਇਕ, ਐਮ.ਆਰ.ਆਈ. ਦਾ ਸਟਾਫ਼, ਲੈਬ ਟੈਕਨੀਸ਼ਨ, ਕਲੈਰੀਕਲ ਕੇਡਰ ਤੇ ਹੋਰ ਮੈਡੀਕਲ ਸਟਾਫ਼ ਧਰਨੇ ਤੇ ਰਹੇਗਾ, ਜਿਸ ਕਾਰਨ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ।
ਇਸ ਧਰਨੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਯੂਨਾਇਟਿਡ ਇਮਪਲਾਈਜ ਯੂਨੀਅਨ ਦੇ ਆਗੂ ਯਸ਼ਪਾਲ ਸਾਂਬਰੀਆ,ਵਿਕਾਸ ਅਰੋੜਾ,ਆਸ਼ਾ ਰਾਣੀ,ਹਰਜਿੰਦਰ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਲਾਏ ਗਏ ਧਰਨੇ ਦੌਰਾਨ ਯੂਨੀਵਰਸਿਟੀ ਪ੍ਰਸਾਸ਼ਨ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਜਿੰਨ੍ਹਾਂ ਮੰਗਾਂ ਤੇ ਸਹਿਮਤੀ ਬਣੀ ਹੈ ਉਹ 15 ਦਿਨਾਂ ਦੇ ਵਿੱਚ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਮਹੀਨੇ ਬੀਤਣ ਤੋਂ ਬਾਅਦ ਇਕ ਵੀ ਮੰਨੀ ਹੋਈ ਮੰਗ ਲਾਗੂ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਪੂਰੇ ਦਿਨ ਦਾ ਧਰਨਾ ਅਣਮਿੱਥੇ ਸਮੇਂ ਲਈ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਯੂਨੀਵਰਸਿਟੀ ਵੱਲੋਂ ਐਫੀਡੇਵੈਟ ਦਿੱਤਾ ਗਿਆ ਹੈ ਕਿ ਯੂਨੀਵਰਸਿਟੀ ਕਦੇ ਵੀ ਮੁਲਾਜ਼ਮਾਂ ਦੀ ਭਰਤੀ ਆਉਟਸੋਰਸਸ ਜਾਂ ਕੰਟਰੈਕਟ ਤੌਰ ਤੇ ਨਹੀਂ ਕਰੇਗੀ, ਪਰ ਹੁਣ ਹਾਈ ਕੋਰਟ ਦੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਆਊਟਸੋਰਸਿਸ ਤੇ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਯੂਨੀਵਰਿਸਟੀ ਤੇ 50 ਲੱਖ ਰੁਪਏ ਮਹੀਨੇ ਦਾ ਬੋਝ ਪਵੇਗਾ। ਆਗੂਆਂ ਨੇ ਦੱਸਿਆ ਕਿ ਜਦੋਂ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਇੱਥੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ, ਰੈਗੂਲਰ ਮੁਲਾਜ਼ਮਾਂ ਦੇ ਐੱਨ.ਪੀ.ਐੱਸ., ਤਰੱਕੀਆਂ ਮੰਗ ਰੱਖੀ ਜਾਂਦੀ ਹੈ ਤਾਂ ਜਵਾਬ ਹਮੇਸਾਂ ਲਾਰੇ ਲਾਉਣ ਵਾਲਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ.ਸੀ. ਦੀ ਨਿਯੁਕਤੀ ਵਿੱਚ ਦੇਰੀ ਕੀਤੇ ਜਾਣ ਕਾਰਨ ਯੂਨੀਵਰਸਿਟੀ ਦੇ ਅਫ਼ਸਰ ਆਪਹੁਦਰੀਆਂ ਤੇ ਉੱਤਰੇ ਹੋਏ ਹਨ ਤੇ ਜਲਦੀ ਹੀ ਯੂਨੀਵਰਸਿਟੀ ਨੂੰ ਕੰਗਾਲ ਕਰ ਦੇਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਯੂਨੀਵਰਿਸਟੀ ਨੂੰ ਚੂੰਡ ਚੂੰਡ ਕੇ ਖਾਣ ਵਾਲੇ ਹੱਥਾਂ ਤੋਂ ਬਚਾਉਣ ਲਈ ਲਗਾਇਆ ਜਾ ਰਿਹਾ ਹੈ।