Breaking- ਬਾਲ ਸੁਰੱਖਿਆ ਯੂਨਿਟ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਬਾਲ ਅਧਿਕਾਰਾਂ ਸਬੰਧੀ ਦਿੱਤੀ ਸਿਖਲਾਈ
ਫਰੀਦਕੋਟ, 13 ਮਾਰਚ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਯੋਗ ਅਗਵਾਈ ਹੇਠ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ, ਫਰੀਦਕੋਟ ਅਮਨਦੀਪ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਰੀਦਕੋਟ ਦੀਆਂ ਆਂਗਣਵਾੜੀ ਵਰਕਰਾਂ ਲਈ ਬਾਲ ਸੁਰੱਖਿਆ ਅਤੇ ਬਾਲ ਅਧਿਕਾਰਾਂ ਸਬੰਧੀ ਇੱਕ ਰੋਜ਼ਾ ਸਿਖਲਾਈ ਦਾ ਅਯੋਜਨ ਕੀਤਾ ਗਿਆ ।ਸਿਖਲਾਈ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਦੇ ਕਾਉਂਸਲਰ ਮੈਡਮ ਮਾਲਤੀ ਜੈਨ ਨੇ ਆਗਂਣਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆ ਸਮਾਜਿਕ ਕੁਰੀਤੀਆਂ ਜਿਵੇਂ ਬਾਲ ਮਜ਼ਦੂਰੀ, ਬਾਲ ਵਿਆਹ, ਬਾਲ ਭਿਖਿਆ ਆਦਿ ਨੂੰ ਰੋਕਣ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਚਾਈਲਡ ਮੈਰਿਜ ਐਕਟ, 2006 ਤਹਿਤ ਬਾਲ ਵਿਆਹ ਕਰਨਾ ਕਾਨੂੰਨੀ ਜੁਰਮ ਹੈ। ਇਸ ਐਕਟ ਤਹਿਤ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ । ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰੇਗਾ ਤਾਂ ਉਸਨੂੰ 2 ਸਾਲ ਦੀ ਕਠੋਰ ਸਜਾ ਜਾਂ ਇੱਕ ਲੱਖ ਰੁਪਏ ਜੁਰਮਾਨਾਂ ਦੀ ਸਜਾ ਹੋ ਸਕਦੀ ਹੈ ਅਤੇ ਅਜਿਹੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਸਜਾ ਦਾ ਨਿਯਮ ਹੈ। ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਬਾਲ ਮਜਦੂਰੀ,ਬਾਲ ਭਿਖਿਆ ਆਦਿ ਤੋਂ ਹਟਾ ਕੇ ਉਹਨਾਂ ਨੂੰ ਸਕੂਲ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉ ਕਿ ਪੜ੍ਹਨ ਲਿਖਣ ਨਾਲ ਹੀ ਬੱਚਿਆ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ ਜਾ ਸਕਦੀ ਹੈ । ਇਸ ਲਈ ਵਿਭਾਗ ਵੱਲੋਂ ਜ਼ਰੂਰਤਮੰਦ ਬੱਚਿਆਂ ਲਈ ਚੱਲ ਰਹੀ ਸਪਾਂਸਰਸ਼ਿਪ ਸਕੀਮ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।
ਇਸ ਉਪਰੰਤ ਸੈਂਟਰ ਕੋਆਰਡੀਨੇਟਰ ਚਾਈਲਡ ਲਾਈਨ ਸੋਨੀਆ ਰਾਣੀ ਵੱਲੋਂ ਆਗਣਵਾੜੀ ਵਰਕਰਾਂ ਨੂੰ ਚਾਈਲਡ ਲਾਈਨ ਦੇ ਟੋਲ ਫਰੀ ਨੰਬਰ 1098 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।ਉਹਨਾਂ ਦੱਸਿਆ ਕਿ ਚਾਈਲਡ ਲਾਈਨ 0 ਤੋ 18 ਸਾਲ ਤੱਕ ਦੇ ਲਵਾਰਿਸ ,ਬੇਸਹਾਰਾ, ਗੁੰਮਸ਼ੁਦਾ ਆਦਿ ਬੱਚਿਆ ਦੀ ਮਦਦ ਕਰਦੀ ਹੈ ।ਜੇਕਰ ਕਿਸੇ ਨੂੰ ਕਿਤੇ ਵੀ ਅਜਿਹਾ ਬੱਚਾ ਦਿਖਾਈ ਦਿੰਦਾ ਹੈ ਤਾ ਤੁਰੰਤ 1098 ਤੇ ਫੋਨ ਕਰਕੇ ਉਸ ਦੀ ਸੂਚਨਾਂ ਦੇ ਸਕਦੇ ਹਨ। ਇਸ ਵਿੱਚ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਦਾ ਹੈ। ਇਸ ਮੌਕੇ ਕਮਲਜੀਤ ਕੌਰ, ਮਹਿੰਦਰ ਕੌਰ, ਦੋਨੋਂ ਸੁਪਰਵਾਈਜਰ ਆਉਟਰੀਚ ਵਰਕਰ ਪ੍ਰਿਆ ਸੇਠੀ ਅਤੇ ਮੈਂਬਰ ਚਾਈਲਡ ਲਾਈਨ ਪਲਵਿੰਦਰ ਕੌਰ ਹਾਜ਼ਰ ਸਨ।