Breaking- ਬੈਂਕ ਦੇ ਗਾਹਕਾਂ ਨੂੰ ਗਲਤ ਅਨਸਰਾਂ ਵੱਲੋਂ ਗੁਮਰਾਹ ਹੋਣ ਤੋਂ ਬਚਾਉਣ ਲਈ ਕੀਤਾ ਜਾਵੇਗਾ ਜਾਗਰੂਕ -ਗੁਰਵਿੰਦਰ ਸਿੰਘ ਸਿੱਧੂ
ਫਰੀਦਕੋਟ, 2 ਨਵੰਬਰ – (ਪੰਜਾਬ ਡਾਇਰੀ) ਗਲਤ ਅਨਸਰਾਂ ਵੱਲੋਂ ਬੈਂਕ ਦੇ ਗਾਹਕਾਂ ਨੂੰ ਫੋਨ ਤੇ ਗੁੰਮਰਾਹ ਕਰਕੇ ਉਨ੍ਹਾਂ ਨਾਲ ਠੱਗੀ ਮਾਰੇ ਜਾਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬੈਂਕ ਦੁਆਰਾ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਲਈ ਇੱਕ ਨਵੰਬਰ ਤੋਂ 30 ਨਵੰਬਰ ਤਕ ਵੱਖ ਵੱਖ ਥਾਵਾਂ ਤੇ ਬੈਂਕ ਦੇ ਗਾਹਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ।
ਪੰਜਾਬ ਐਂਡ ਸਿੰਧ ਬੈਂਕ ਦੇ ਲੀਡ ਬੈਂਕ ਮੈਨੇਜਰ ਗੁਰਵਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਬੈਂਕ ਦੇ ਗਾਹਕਾਂ ਨਾਲ ਵਧ ਰਹੀਆਂ ਠੱਗੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਬੈਂਕ ਦੇ ਗਾਹਕਾਂ ਨੂੰ ਜਾਗਰੂਕ ਕੀਤਾ ਜਾਵੇ, ਜਿਸ ਲਈ ਵੱਖ ਵੱਖ ਥਾਵਾਂ ਤੇ ਕੈਂਪਾਂ ਦਾ ਆਯੋਜਨ ਕੀਤਾ ਜਾਵੇ ਅਤੇ ਗਾਹਕਾਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਇਸ ਸ਼ਾਤਰ ਲੋਕ ਫ਼ੋਨ ਤੇ ਉਨ੍ਹਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ਸ਼ਾਤਰ ਲੋਕਾਂ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਗੁੰਮਰਾਹ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਖਾਤਿਆਂ ਵਿੱਚੋਂ ਵੱਡੀਆਂ ਵੱਡੀਆਂ ਰਕਮਾਂ ਚੋਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲਗਾਏ ਜਾਣ ਵਾਲੇ ਕੈਂਪਾਂ ਵਿਚ ਗਾਹਕਾਂ ਨੂੰ ਮੁੱਢਲੀਆਂ ਸੇਵਾਵਾਂ ਅਤੇ ਸ਼ਿਕਾਇਤਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਹ ਕੈਂਪ ਸਕੂਲਾਂ ਕਾਲਜਾਂ ਅਤੇ ਹੋਰ ਜਨਤਕ ਥਾਵਾਂ ਤੇ ਲਗਾਏ ਜਾਣਗੇ।