Breaking- ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਬਚਾਉਣ ਲਈ ਚੁੱਕੇ ਜਾਣ ਅਹਿਮ ਕਦਮ- ਸਹਾਇਕ ਕਮਿਸ਼ਨਰ
ਫਰੀਦਕੋਟ, 28 ਫਰੀਦਕੋਟ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ (ਜ),ਫਰੀਦਕੋਟ ਤੁਸ਼ਿਤਾ ਗੁਲਾਟੀ ਦੀ ਅਗਵਾਈ ਹੇਠ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਬਚਾਉਣ ਅਤੇ ਜਾਗਰੂਕ ਕਰਨ ਲਈ ਮੀਟਿੰਗ ਕੀਤੀ ।
ਮੀਟਿੰਗ ਦੀ ਅਗਵਾਈ ਕਰਦਿਆ ਸਹਾਇਕ ਕਮਿਸ਼ਨਰ (ਜ) ਤੁਸ਼ਿਤਾ ਗੁਲਾਟੀ ਨੇ ਕਿਹਾ ਕਿ ਬੱਚਿਆਂ ਵਿੱਚ ਨਸ਼ਿਆਂ ਦੇ ਵਧਦੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਬਣਾਏ “ਬੱਚਿਆਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਨਾਜਾਇਜ਼ ਤਸਕਰੀ ਦੀ ਰੋਕਥਾਮ ਬਾਰੇ ਸਾਂਝੀ ਕਾਰਜ ਯੋਜਨਾ ਅਨੁਸਾਰ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਜਿਲ੍ਹੇ ਵਿੱਚ ਬੱਚਿਆਂ ਵਿੱਚ ਨਸ਼ਿਆਂ ਦੇ ਵਧਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਤੇ ਕਨਵੀਨਰ ਅਮਨਦੀਪ ਸਿੰਘ ਸੋਢੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਬਣਾਏ ਐਕਸ਼ਨ ਪਲਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੁਆਇੰਟ ਐਕਸ਼ਨ ਪਲਾਨ ਅਨੁਸਾਰ ਜਿਲ੍ਹੇ ਦੇ ਮੈਡੀਕਲ ਸਟੋਰਾਂ ਤੇ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਬਿਨ੍ਹਾਂ ਡਾਕਟਰੀ ਪਰਚੀ ਦੇ ਸਡਿਊਲ ਐਚ , ਐਚ 1 ਅਤੇ ਐਕਸ ਦਵਾਈ ਨਹੀਂ ਦਿਤੀ ਜਾ ਸਕਦੀ ਅਤੇ ਮੈਡੀਕਲ ਸਟੋਰਾਂ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਵਾਉਣੇ ਜਰੂਰੀ ਹਨ।
ਇਸ ਤੋ ਇਲਾਵਾ ਪਵਨ ਕੁਮਾਰ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਐਲੀ.)ਨੇ ਦੱਸਿਆ ਕਿ ਜਿਲ੍ਹੇ ਦੇ ਕਿਸੇ ਵੀ ਸਕੂਲ ਦੀ ਬਿਲਡਿੰਗ ਦੇ 100 ਗਜ ਦੇ ਘੇਰੇ ਅੰਦਰ ਨਸ਼ੀਲੀ ਵਸਤੂ ਜਾਂ ਪਦਾਰਥ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਹੈ । ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਸਕੂਲਾਂ ਦੇ ਅੰਦਰ ਅਤੇ ਬਾਹਰ ਲਗਵਾਏ ਗਏ ਹਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਉਪਰੰਤ ਸਹਾਇਕ ਕਮਿਸ਼ਨਰ (ਜ),ਫਰੀਦਕੋਟ ਨੇ ਵੱਖ ਵੱਖ ਵਿਭਾਗਾ ਦੇ ਨੁਮਾਇੰਦਿਆ ਨੂੰ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਬਣਾਏ ਜੁਆਇੰਟ ਐਕਸ਼ਨ ਪਲਾਨ ਅਨੁਸਾਰ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ। ਇਸ ਮੌਕੇ ਸ਼੍ਰੀਮਤੀ ਤਜਿੰਦਰਪਾਲ ਕੌਰ ਮੈਂਬਰ ਬਾਲ ਭਲਾਈ ਕਮੇਟੀ, ਬਲਵਿੰਦਰ ਕੁਮਾਰ, ਸਰਬਜੀਤ ਸਿੰਘ ਆਦਿ ਹਾਜਰ ਸਨ।