Breaking- ਭਗਤ ਸਿੰਘ ਦੀ ਤਸਵੀਰ ਨਾਲ ਰਾਜਗੁਰੂ ਅਤੇ ਸੁਖਦੇਵ ਦੀਆਂ ਤਸਵੀਰਾਂ ਵੀ ਲਗਣ : ਪ੍ਰੋ. ਜਗਮੋਹਨ ਸਿੰਘ
26 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਐਤਵਾਰ ਆਪਣੇ ਰੇਡੀਓ ਪ੍ਰੋਗਰਾਮ ਮਾਨ ਕੀ ਬਾਤ ਵਿੱਚ ਮੋਹਾਲੀ ਸਥਿਤ ਬਣੇ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ।ਉਥੇ ਹੀ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋ. ਜਗਮੋਹਨ ਸਿੰਘ ਨੇ ਵੀ ਸੁਵਾਗਤ ਕੀਤਾ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਹਵਾਈ ਅੱਡੇ ਦੇ ਅੰਦਰ ਸ਼ਹੀਦ ਭਗਤ ਸਿੰਘ ਦੇ ਨਾਲ ਰਾਜਗੁਰੂ ਅਤੇ ਸੁਖਦੇਵ ਦੀਆਂ ਤਸਵੀਰਾਂ ਲਗਵਾਈਆਂ ਜਾਣ, ਕਿਉਂਕਿ ਸ਼ਹੀਦ ਭਗਤ ਸਿੰਘ ਦੀ ਮਾਂ ਵਿਦਿਆਵਤੀ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਪੁੱਤਰ ਇਕੱਲਾ ਖੜ੍ਹਾ ਰਹਿਣਾ ਪਸੰਦ ਨਹੀਂ ਹੈ। ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਰਹਿਣ ਦਿੱਤਾ ਜਾਵੇ।
ਸ਼ਹੀਦ ਭਗਤ ਸਿੰਘ ਦੇ 100ਵੇਂ ਜਨਮ ਦਿਨ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਗਈ ਸੀ। ਚੰਡੀਗੜ੍ਹ ਹਵਾਈ ਅੱਡੇ ਦੇ ਨਾਮਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਗਿਆ ਸੀ। ਹਾਈ ਕੋਰਟ ਨੇ ਉਦੋਂ ਦੋਵਾਂ ਰਾਜਾਂ ਦੀਆਂ ਸਰਕਾਰਾਂ ਨੂੰ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕਰਨ ਲਈ ਕਿਹਾ ਸੀ। ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਦੋਵੇਂ ਸੂਬਾ ਸਰਕਾਰਾਂ ਦਰਮਿਆਨ ਸਮਝੌਤਾ ਹੋਇਆ।