Breaking- ਭਗਵੰਤ ਮਾਨ ਦਾ ਪਾਕਿਸਤਾਨ ਨਾਲ ਵਪਾਰਕ ਬਾਈਕਾਟ ਰੱਖਣ ਵਾਲਾ ਪੈਤੜਾ ਪੰਜਾਬ ਅਤੇ ਸਿੱਖ ਵਿਰੋਧੀ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 15 ਫਰਵਰੀ – (ਪੰਜਾਬ ਡਾਇਰੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਕਿਸਤਾਨ ਨਾਲ ਵਪਾਰਕ ਸਬੰਧ ਨਾਂਹ ਬਣਾਉਣ ਵਾਲਾ ਪੈਤੜਾ ਹਿੰਦੂਤਵੀ ਤਾਕਤਾਂ ਦੀ ਤਰਜ਼ ਉੱਤੇ ਪੰਜਾਬ ਅਤੇ ਸਿੱਖ ਵਿਰੋਧੀ ਸਟੈਂਡ ਹੈ ਜਿਸਦਾ ਹਾਕਮ ਆਮ ਆਦਮੀ ਪਾਰਟੀ ਨੂੰ ਖਮਿਆਜ਼ਾ ਭੁਗਤਾਨ ਪਵੇਗਾ।
ਅਜਿਹੇ ਪੈੜਕੇ ਕਰਕੇ, ਸਾਬਕਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਅੰਦਰ ਆਪਣਾ ਅਸਰ-ਰਸੂਖ ਗੁਆ ਕੇ ਹਿੰਦੂਤਵੀ ਰਾਸ਼ਟਰਵਾਦੀ ਖੇਮੇ ਦਾ ਸਹਾਰਾ ਲੈਣਾ ਪਿਆ ਹੈ। ਇਹ ਜੱਗ ਜਾਹਰ ਹੈ ਜੇ ਵਾਗਹਾ ਬਾਰਡਰ ਵਪਾਰ ਲਈ ਖੁੱਲ ਜਾਂਦਾ ਹੈ। ਕਿ ਚੜਦੇ/ਲਹਿੰਦੇ ਪੰਜਾਬਾਂ ਦੇ ਵਾਸੀਆਂ ਨੂੰ ਫਾਇਦਾ ਹੋਵੇਗਾ। ਲਹਿੰਦੇ ਪੰਜਾਬ ਵਿੱਚ ਖਾਣ-ਪੀਣ ਦੀ ਵਸਤਾਂ ਦੀ ਮੌਜੂਦਾ ਮਹਿੰਗਾਈ ਘਟੇਗੀ ਅਤੇ ਚੜਦੇ ਪੰਜਾਬ ਵਿੱਚ ਪੈਂਦਾ ਹੁੰਦੀਆਂ ਖੁਰਾਕੀ ਵਸਤੂਆਂ ਦਾ ਚੰਗਾ ਮੁੱਲ ਮਿਲੇਗਾ। ਹੁਣ ਚੜਦੇ/ਲਹਿੰਦੇ ਪੰਜਾਬਾਂ ਦੀਆਂ ਵਸਤਾਂ ਦਾ ਆਪਸੀ ਅਦਾਨ-ਪ੍ਰਦਾਨ ਬਹੁਤ ਘੱਟ ਹੁੰਦਾ ਅਤੇ ਜੋ ਵੀ ਥੋੜਾ-ਬਹੁਤਾ ਹੁੰਦਾ ਹੈ ਉਹ ਵੀ ਡੁਬਈ ਅਤੇ ਮੁੰਬਈ ਵਿੱਚ ਕਾਬਜ਼ ਵਪਾਰੀਆਂ ਰਾਹੀਂ।
ਭਾਜਪਾ ਦੇ ਲੀਡਰ ਸ਼ੁਨੀਲ ਜਾਖੜ ਵੱਲੋਂ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਚੜਦੇ ਪੰਜਾਬ ਵੱਲੋਂ ਮਦਦ ਕਰਨ ਦੇ ਸੁਝਾਅ ਦੇ ਪ੍ਰਤੀਕਰਮ ਵੱਲੋਂ ਭਗਵੰਤ ਸਿੰਘ ਮਾਨ ਦਾ ਕੱਟੜ ਹਿੰਦੂਤਵੀ ਬਿਆਨ, ਮੁੱਖ ਮੰਤਰੀ ਦੇ ਸਿਆਸੀ ਅਨਾੜੀ ਹੋਣ ਦਾ ਪ੍ਰਤੀਕ ਹੈ। ਸਿੱਖ ਪਰਿਵਾਰ ਵਿੱਚ ਜਨਮੇ ਭਗਵੰਤ ਸਿੰਘ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਭਾਈਚਾਰਾ ਪਿਛਲੇ 75 ਸਾਲਾ ਤੋਂ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਦੀਆਂ ਅਰਦਾਸਾਂ ਕਰਦਾ ਆ ਰਿਹਾ ਹੈ। ਨਨਕਾਣਾ ਸਾਹਿਬ ਅਜੇ ਆਮ ਸਿੱਖ ਦੀ ਪਹੁੰਚ ਤੋਂ ਬਾਹਰ ਹੈ ਪਰ ਬਾਬੇ ਨਾਨਕ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਨੂੰ ਦਰਸ਼ਣਾ ਲਈ ਖੋਲ ਦੇਣ ਦਾ ਸਿੱਖ ਭਾਈਚਾਰਾ ਸ਼ੁਕਰਾਨਾ ਕਰਦਾ ਨਹੀਂ ਥੱਕ ਰਿਹਾ। ਪਾਕਿਸਤਾਨ ਨਾਲ ਵਪਾਰਕ ਸਬੰਧ ਨਾ ਹੋਣ ਕਰਕੇ, ਪੰਜਾਬੀ ਸਭਿਆਚਾਰ ਅਤੇ ਬੋਲੀ ਦਾ ਸਹੀ ਵਿਕਾਸ ਰੁਕਿਆ ਪਿਆ ਹੈ ਅਤੇ ਲਹਿੰਦੇ ਪੰਜਾਬ ਦੇ ਵੱਡੀ ਗਿਣਤੀ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਪੜ੍ਹਾਈ ਤੋਂ ਅਮਲੀ ਤੌਰ ਉੱਤੇ ਵਾਂਝੇ ਹੀ ਕਰ ਦਿੱਤੇ ਹਨ।
ਕਾਂਗਰਸ ਅਤੇ ਮੁਸਲਿਮ ਲੀਗ ਦੇ ਆਪਸੀ ਸਿਆਸੀ ਭੇੜ ਵਿੱਚੋਂ 1947 ਵਿੱਚ ਪੰਜਾਬ ਦੀ ਹਿੱਕ ਉੱਤੇ ਵਾਹੀ ਵੰਡ ਦੀ ਲਕੀਰ ਨੇ ਗੁੰਮਰਾਹ ਹੋਏ ਪੰਜਾਬੀਆਂ ਨੂੰ ਫਿਰਕਿਆਂ ਵਿੱਚੋਂ ਤੋੜ੍ਹਕੇ ਆਪਸੀ ਖੂਨ-ਖਰਾਬਾ ਕਰਵਾਇਆ। ਜਿਸਦਾ ਵਿਆਪਕ ਪਛਤਾਵਾਂ ਦੋਨੇ ਪਾਸੀ ਦੇਖਿਆ/ਮਹਿਸੂਸ ਕੀਤਾ ਜਾ ਸਕਦਾ ਹੈ। ਵੱਡੀਆਂ ਤਾਕਤਾਂ ਆਪਣੇ ਆਪਣੇ ਅੰਦਰੂਨੀ ਸਿਆਸਤ ਨੂੰ ਪੱਠੇ ਪਾਉਣ ਲਈ ਦੋਨਾਂ ਪੰਜਾਬਾਂ ਦੇ ਵਸਨੀਕਾਂ ਦਰਮਿਆਨ ਸਭਿਆਚਾਰਕ ਵਪਾਰਕ ਸਬੰਧ ਬਹਾਲ ਨਹੀਂ ਹੋਣ ਦੇਣਾ ਚਾਹੁੰਦੀਆਂ। ਭਗਵੰਤ ਸਿੰਘ ਮਾਨ ਉਹਨਾਂ ਵੱਡੀਆਂ ਤਾਕਤਾਂ ਸਿਆਸਤ ਵਿਚਾਰਧਾਰਾ ਦਾ ਦਮ ਭਰਨਾ, ਪੰਜਾਬ ਨਾਲੇ ਬੇਵਫਾਈ ਕਰਨ ਤੋਂ ਘੱਟ ਨਹੀਂ ਹੈ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਭਾਈ ਅਸ਼ੌਕ ਸਿੰਘ ਬਾਗੜੀਆ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰੇ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸਿੰਘ ਸਭਾ, 9316107093