Breaking- ਮਨਿਸਟਰੀਅਲ ਸਟਾਫ ਦੇ ਮਸਲੇ ਹੱਲ ਕਰਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਨੂੰ ਤੁਰੰਤ ਖਤਮ ਕਰਵਾਏ ਭਗਵੰਤ ਸਿੰਘ ਮਾਨ ਸਰਕਾਰ
ਲੋਕਾਂ ਦੇ ਕੰਮ ਕਾਜ ਹੋ ਰਹੇ ਨੇ ਪ੍ਰਭਾਵਿਤ ਅਤੇ ਦਰਜਾ ਚਾਰ ਮੁਲਾਜ਼ਮ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ਾ ਮਿਲਣ ਦਾ ਕਰ ਰਹੇ ਨੇ ਇੰਤਜ਼ਾਰ
ਕੋਟਕਪੂਰਾ, 17 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸਾਲ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ਾ ਦਿੱਤਾ ਜਾਂਦਾ ਹੈ । ਇਸ ਵਾਰ ਵੀ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੱਲੋਂ ਵਧੀ ਹੋਈ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਤੋਂ ਤਿਉਹਾਰੀ ਕਰਜ਼ਾ 20000 ਰੁਪਏ ਦੇਣ ਦੀ ਮੰਗ ਕੀਤੀ ਸੀ । ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਭਾਵੇਂ ਇਹ ਮੰਗ ਮੁਕੰਮਲ ਰੂਪ ਵਿੱਚ ਪ੍ਰਵਾਨ ਤਾਂ ਨਹੀਂ ਕੀਤੀ ਪਰ ਅੰਸ਼ਿਕ ਤੌਰ ਤੇ ਪ੍ਰਵਾਨ ਕਰਦੇ ਹੋਏ ਮਿਤੀ 11 ਅਕਤੂਬਰ 22 ਨੂੰ ਪੱਤਰ ਜਾਰੀ ਕਰਕੇ 10000 ਰੁਪਏ ਤਿਉਹਾਰੀ ਕਰਜ਼ਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ । ਪੱਤਰ ਵਿੱਚ ਦਰਜ ਹਦਾਇਤਾਂ ਅਨੁਸਾਰ ਇਹ ਰਕਮ 21 ਅਕਤੂਬਰ 22 ਤੱਕ ਖ਼ਜ਼ਾਨਾ ਦਫ਼ਤਰਾਂ ਵਿੱਚੋਂ ਕਢਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।ਪਰ ਦੂਜੇ ਪਾਸੇ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਲਮ ਛੋਡ਼ ਹਡ਼ਤਾਲ ਕਾਰਨ ਜਿੱਥੇ ਸਮੁੱਚਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ ਇਸ ਦੇ ਨਾਲ ਦਫ਼ਤਰੀ ਅਮਲੇ ਦੇ ਕੰਮ ਕਾਜ ਵਿੱਚ ਸਹਿਯੋਗੀ ਦਰਜਾ ਚਾਰ ਕਰਮਚਾਰੀ ਵੀ ਇਸ ਕਲਮ ਛੋਡ਼ ਹਡ਼ਤਾਲ ਦਾ ਖਮਿਆਜ਼ਾ ਭੁਗਤ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਤਿਉਹਾਰੀ ਕਰਜ਼ਾ ਦੀਵਾਲੀ ਤੋਂ ਪਹਿਲਾਂ ਮਿਲਣ ਦੀ ਆਸ ਮੱਧਮ ਹੋਈ ਜਾਪਦੀ ਹੈ ।
ਇਸ ਸਬੰਧ ਵਿਚ ਪੰਜਾਬ ਸੁਬਾਰਡੀਨੇਟ ਸਰਿਵਸਿਜ਼ ਫੈਡਰੇਸ਼ਨ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ , ਚੇਅਰਮੈਨ ਰਣਬੀਰ ਸਿੰਘ ਢਿੱਲੋਂ, ਕਾਰਜਕਾਰੀ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ ਤੇ ਗੁਰਪ੍ਰੀਤ ਸਿੰਘ ਮੰਗਵਾਲ , ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਤੇ ਕਰਤਾਰ ਸਿੰਘ ਪਾਲ , ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਪ੍ਰਭਜੀਤ ਸਿੰਘ ਉੱਪਲ ਨੇ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਕਲਮ ਛੋਡ਼ ਹਡ਼ਤਾਲ ਤੋਂ ਅੱਖਾਂ ਮੀਚ ਕੇ ਪਾਸਾ ਵੱਟਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪੰਜਾਬ ਦੇ ਸਮੂਹ ਮੁਲਾਜ਼ਮਾਂ , ਪੈਨਸ਼ਨਰਾਂ ਅਤੇ ਦਫਤਰੀ ਕਾਮਿਆਂ ਦੀਆਂ ਸਾਰੀਆਂ ਸਾਂਝੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਸਮੂਹ ਸੰਘਰਸ਼ਸ਼ੀਲ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ । ਕੇਂਦਰੀ ਪੈਟਰਨ ਅਨੁਸਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਅਨੁਸਾਰ 38 ਫ਼ੀਸਦੀ ਡੀ.ਏ. ਦੀਵਾਲੀ ਤੋਂ ਪਹਿਲਾਂ ਨਕਦ ਦਿੱਤਾ ਜਾਵੇ । ਆਗੂਆਂ ਨੇ ਇਹ ਮੰਗ ਵੀ ਕੀਤੀ ਹੈ ਕਿ ਪਿਛਲੀਆਂ ਪ੍ਰੰਪਰਾਵਾਂ ਅਨੁਸਾਰ ਅਕਤੂਬਰ ਮਹੀਨੇ ਦੀ ਤਨਖ਼ਾਹ ਦੀਵਾਲੀ ਤੋਂ ਪਹਿਲਾਂ ਦੇਣ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ ਤਾਂ ਜੋ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀਵਾਲੀ ਦਾ ਪਵਿਤਰ ਤਿਉਹਾਰ ਖੁਸ਼ੀਆਂ ਤੇ ਖੇੜਿਆਂ ਨਾਲ ਮਨਾ ਸਕਣ ।