Breaking- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ 13ਵੇਂ ਕੋਰਸ ਲਈ ਦਾਖ਼ਲਾ ਰਜਿਸਟ੍ਰੇਸ਼ਨ ਸ਼ੁਰੂ – ਡੀ.ਸੀ
ਅਪ੍ਰੈਲ-2023 ਬੈਚ ਦੇ ਦਾਖਲੇ ਲਈ ਲਿਖਤੀ ਪ੍ਰੀਖਿਆ 15 ਜਨਵਰੀ ਨੂੰ ਹੋਵੇਗੀ
ਫਰੀਦਕੋਟ, 20 ਦਸੰਬਰ – (ਪੰਜਾਬ ਡਾਇਰੀ) ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿੱਚ 13ਵੇਂ ਕੋਰਸ ਲਈ ਦਾਖ਼ਲਾ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਚੁਣੇ ਹੋਏ ਨੌਜਵਾਨਾਂ ਨੂੰ ਐਨ.ਡੀ.ਏ. ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਬਤੌਰ ਕਮਿਸ਼ਨਡ ਅਫਸਰ ਬਣਨ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਮੋਹਾਲੀ ਦੇ ਸੈਕਟਰ 77 ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ। ਇਹ ਸੰਸਥਾ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਨੌਜਵਾਨਾਂ ਨੂੰ ਵਧੀਆ ਸਿਖਲਾਈ ਸਹੂਲਤਾਂ ਪ੍ਰਦਾਨ ਕਰਕੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦੇ ਨਾਲ-ਨਾਲ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਤਿਆਰੀ ਵਿੱਚ ਵੀ ਮਦਦ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਸਥਿਤੀ, ਸਰੀਰਕ ਅਤੇ ਨਰਮ ਹੁਨਰ ਸਿਖਲਾਈ ਪ੍ਰਦਾਨ ਕਰ ਕੇ ਨੌਜਵਾਨਾਂ ਨੂੰ ਦੇਸ਼ ਦਾ ਚੰਗਾ ਨਾਗਰਿਕ ਬਣਨ ਲਈ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਟਰੇਨਿੰਗ, ਬੋਰਡਿੰਗ, ਰਿਹਾਇਸ਼, ਮੈਸਿੰਗ ਅਤੇ ਵਰਦੀਆਂ ਆਦਿ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਸਿਰਫ ਸਕੂਲ ਫੀਸ ਦਾ ਭੁਗਤਾਨ ਕਰਨਾ ਪੈਦਾ ਹੈ ਜੋ ਕਿ ਵਧੇਰੇ ਸਬਸਿਡੀ ਵਾਲੀਆਂ ਹੁੰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਸਥਾ ਵਿੱਚ ਦੋ ਸਾਲ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਦੋ ਸਾਲਾਂ ਵਿੱਚ ਵਿਦਿਆਰਥੀਆਂ ਨੂੰ ਗਿਆਰਵੀਂ ਅਤੇ ਬਾਰ੍ਹਵੀਂ ਲੈਵਲ ਦਾ ਕੋਰਸ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਕੁੱਲ 48 ਸੀਟਾਂ ਲਈ ਦਾਖਲਾ ਟੈਸਟ ਦੇਣਾ ਪੈਂਦਾ ਹੈ। ਇਹ ਟੈਸਟ ਪੰਜਾਬ ਦੇ ਵਸਨੀਕ ਦਸਵੀਂ ਕਰ ਰਹੇ ਵਿਦਿਆਰਥੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਦਾਖਲਾ ਲੈਣ ਵਾਲੇ ਪ੍ਰਾਰਥੀ ਦੀ ਉਮਰ 2 ਜੁਲਾਈ, 2006 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ। ਦਾਖਲਾ ਟੈਸਟ ਵਿੱਚ ਇੰਗਲਿਸ਼, ਗਣਿਤ, ਸਮਾਜਿਕ ਸਿੱਖਿਆ ਦੇ ਸਵਾਲ ਪੁੱਛੇ ਜਾਂਦੇ ਹਨ। ਚੁਣੇ ਹੋਏ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। ਸਿਖਲਾਈ ਦੌਰਾਨ ਪ੍ਰਾਰਥੀ ਨੂੰ ਮੋਹਾਲੀ ਦੇ ਨਾਮੀ ਸਕੂਲਾਂ ਤੋਂ 10+1 ਅਤੇ 10+2 ਵੀ ਕਰਵਾਈ ਜਾਂਦੀ ਹੈ। ਜਿਸ ਦੀ ਸਲਾਨਾਂ ਫੀਸ 50 ਹਜ਼ਾਰ ਰੁਪਏ ਹੈ ਜੋ ਕਿ ਤਿੰਨ ਕਿਸ਼ਤਾਂ ਵਿੱਚ ਜਮ੍ਹਾ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਅਪ੍ਰੈਲ-2023 ਬੈਚ ਦੇ ਦਾਖਲੇ ਲਈ ਦਸੰਬਰ 2022 ਵਿੱਚ ਆਨਲਾਈਨ ਫਾਰਮ ਭਰੇ ਜਾਣਗੇ ਅਤੇ ਲਿਖਤੀ ਪ੍ਰੀਖਿਆ 15 ਜਨਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਵੈਬਸਾਈਟ www.afpipunjab.org ਜਾਂ ਫੋਨ ਨੰ: 90410-06305, 0172-2219707 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਐਨ.ਡੀ.ਏ. ਜੁਆਇਨ ਕਰਨ ਦੇ ਇੱਛੁਕ ਜ਼ਿਲ੍ਹੇ ਦੇ ਦਸਵੀਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਇੰਸਟੀਚਿਊਟ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ।