Breaking- ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ, ਬਲਕਿ ਕਈ ਖੇਤਰਾਂ ‘ਚ ਮਰਦਾਂ ਤੋਂ ਅੱਗੇ – ਡਾ. ਰੂਹੀ ਦੁੱਗ
-13 ਤੋਂ 20 ਜਨਵਰੀ ਤੱਕ ਬਾਲੜੀਆਂ ਦੀ ਲੋਹੜੀ ਮਨਾਉਣ ਸਬੰਧੀ ਕੀਤਾ ਜਾਵੇਗਾ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਫਰੀਦਕੋਟ, 13 ਜਨਵਰੀ – (ਪੰਜਾਬ ਡਾਇਰੀ) ਲੋਹੜੀ ਦਾ ਤਿਉਹਾਰ ਜੋ ਕਿ ਪੰਜਾਬ ਦਾ ਇਕ ਰਵਾਇਤੀ ਅਤੇ ਪੰਜਾਬੀ ਵਿਰਸੇ ਨਾਲ ਜੁੜਿਆ ਤਿਉਹਾਰ ਹੈ। ਇਸ ਦਿਨ ਜਿਨਾਂ ਦੇ ਘਰ ਲੜਕਾ ਪੈਦਾ ਹੁੰਦਾ ਸੀ ਉਹਨਾਂ ਦੇ ਲੋਹੜੀ ਮਨਾਈ ਜਾਂਦੀ ਸੀ। ਪਰ ਅੱਜ ਦੇ ਸਮੇਂ ਵਿਚ ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਬਲਕਿ ਕਈ ਖੇਤਰਾਂ ਵਿਚ ਤਾਂ ਮਰਦਾਂ ਤੋਂ ਵੀ ਅੱਗੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਫਤਾ ਭਰ ਮਨਾਈ ਜਾਣ ਵਾਲੀ ਬਾਲੜੀਆਂ ਦੀ ਲੋਹੜੀ ਦਾ ਸ਼ਡਿਊਲ ਜਾਰੀ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕੇ ਲੋਕਾਂ ਦੀ ਸੋਚ ਅਤੇ ਨਜ਼ਰੀਏ ਵਿਚ ਲੜਕਾ ਲੜਕੀ ਸਬੰਧੀ ਭੇਦਭਾਵ ਵਿਚ ਬਹੁਤ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਪੀ.ਐਨ.ਡੀ.ਟੀ. ਐਕਟ ਅਧੀਨ ਬੱਚੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਹਰੇ ’ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ਲੋਹੜੀ ਧੀਆਂ ਦੀ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜੋ ਕਿ ਧੀਆਂ ਲਈ ਬਰਾਬਰਤਾ ਦਾ ਸੁਨੇਹਾ ਦਿੰਦੇ ਹਨ।ਅੱਜ ਲੜਕੀਆਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ। ਸੇਨਾ, ਬੀ ਏਸ ਐਫ, ਜਾਂ ਪੁਲਿਸ ਵਰਗੇ ਵਿਭਾਗਾਂ ਵਿਚ ਵੀ ਅੱਜ ਮਹਿਲਾਵਾਂ ਅਪਣੀ ਵੱਖਰੀ ਪਹਿਚਾਣ ਅਤੇ ਕਾਬਲੀਅਤ ਸਾਬਿਤ ਕਰ ਰਹੀਆਂ ਹਨ। ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਤਾਂ ਮਹਿਲਾਵਾਂ ਜੋ ਜਿੰਮੇਵਾਰੀ ਨਿਭਾ ਰਹੀਆਂ ਹਨ ਉਹ ਆਪਣੇ ਆਪ ਵਿੱਚ ਮਿਸਾਲ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਗਾਤਾਰ ਸਿਹਤ ਵਿਭਾਗ ਵਲੋਂ ਜਾਗਰੂਕ ਕਰਨ ਨਾਲ ਅਤੇ ਲੋਕਾਂ ਦੇ ਸਹਿਯੋਗ ਨਾਲ ਲਿੰਗ ਸਬੰਧੀ ਭੇਦਭਾਵ ਖ਼ਤਮ ਹੋਇਆ ਤੇ ਲੜਕੀਆਂ ਨੂੰ ਬਰਾਬਰ ਦੇ ਮੌਕੇ ਦਿਤੇ ਜਾਣ ਲੱਗੇ ਹਨ। ਸਿਹਤ ਵਿਭਾਗ ਵਲੋਂ ਜਨਮ ਤੋ ਪਹਿਲਾਂ ਲਿੰਗ ਟੈਸਟ ਕਰਾਉਣ ਤੇ ਕਾਨੂੰਨੀ ਪਾਬੰਦੀ ਸਬੰਧੀ ਕਾਨੂੰਨ ਪੂਰੀ ਸਖਤੀ ਨਾਲ ਲਾਗੂ ਕੀਤਾ ਹੋਇਆ ਹੈ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕਰਨ ਬਰਾੜ ਨੇ ਦੱਸਿਆ ਕਿ 13 ਜਨਵਰੀ 2023 ਤੋਂ 20 ਜਨਵਰੀ 2023 ਤੱਕ ਬਾਲੜੀਆਂ ਦੀ ਲੋਹੜੀ ਮਨਾਉਣ ਸਬੰਧੀ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਮਿਤੀ 14 ਜਨਵਰੀ ਨੂੰ ਬੱਚਿਆਂ ਨੂੰ ਯੋਗ ਗਤੀਵਿਧੀਆਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਕੁਝ ਮੁੱਢਲੀਆਂ ਯੋਗ ਗਤੀਵਿਧੀਆਂ ਕਰਵਾਉਣਾ, ਹੱਥਾਂ ਦੀ ਸਾਫ ਸਫਾਈ ਸਬੰਧੀ ਗਤੀਵਿਧੀਆਂ, ਮਿਤੀ 16 ਜਨਵਰੀ ਨੂੰ ਸਿਹਤਮੰਦ ਬੱਚਿਆਂ ਤੇ ਮੁਕਾਬਲਾ, ਡਾਇਰੀਆਂ ਸਬੰਧੀ ਜਾਗਰੂਕਤਾ, ਸੰਪੂਰਨ ਆਹਾਰ ਬਾਰੇ ਜਾਗਰੂਕ ਕਰਨਾ, ਮਿਤੀ 17 ਜਨਵਰੀ ਨੂੰ ਨਿੱਜੀ ਸਾਫ ਸਫਾਈ ਬਾਰੇ ਜਾਗਰੂਕ ਕਰਨ ਸਬੰਧੀ, ਕਿਸ਼ੋਰ ਅਵਸਥਾ ਉਪਰ ਲੈਕਚਰ ਕਰਨਾ , ਮਿਤੀ 18 ਜਨਵਰੀ ਨੂੰ ਪਾਣੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਨ ਸਬੰਧੀ, ਘੱਟ ਲਾਗਤ ਵਾਲੇ ਪਕਵਾਨ ਬਣਾਉਣ ਸਬੰਧੀ ਗਤੀਵਿਧੀਆਂ, 19 ਜਨਵਰੀ ਨੂੰ ਸੰਪੂਰਨ ਆਹਾਰ ਬਾਰੇ ਜਾਗੂਰਕ ਕਰਨ ਸਬੰਧੀ, ਸਹੀ ਉਮਰ ਉੱਪਰ ਲੈਕਚਰ ਦੇਣਾ, ਅਨੀਮੀਆ ਉੱਪਰ ਲੈਕਚਰ ਆਦਿ ਅਤੇ 20 ਜਨਵਰੀ ਨੂੰ ਹੋਮ ਵਿਜਟ ਅਤੇ ਕਿਚਨ ਗਾਰਡਨ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।