Breaking- ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ
ਦਫਤਰੀ ਕੰਮ ਕਰਵਾਉਣ ਆਉਣ ਵਾਲੇ ਸਮੂਹ ਲੋਕਾਂ ਦੇ ਕੰਮਾਂ ਨੂੰ ਹੋਰ ਸੁਹਰਿਦਤਾ ਨਾਲ ਕੀਤਾ ਜਾਵੇ- ਸੰਧਵਾਂ
ਮਿੰਨੀ ਸਕੱਤਰੇਤ ਕੰਪਲੈਕਸ ਨੂੰ ਸਹੂਲਤਾਂ ਭਰਪੂਰ ਬਣਾਉਣ ਲਈ 7 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਫਰੀਦਕੋਟ, 2 ਜਨਵਰੀ – (ਪੰਜਾਬ ਡਾਇਰੀ) ਸਰਬ ਸਾਂਝੀ ਧਾਰਮਿਕ ਕਮੇਟੀ, ਮਿੰਨੀ ਸਕੱਤਰੇਤ ਫਰੀਦਕੋਟ ਵੱਲੋਂ ਅੱਜ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮਿੰਨੀ ਸਕੱਤਰੇਤ ਵਿਖੇ ਕੰਮ ਕਰਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਕਾਨੂੰਗੋ, ਪਟਵਾਰੀਆਂ, ਫੋਟੋ ਸਟੇਟ ਮੇਕਰਾਂ, ਟਾਈਪਿਸਟਾਂ, ਅਰਜੀ ਨਵੀਸਾਂ, ਨਕਸਾ ਨਵੀਸਾਂ, ਵਕੀਸਾਂ ਨਵੀਸਾਂ, ਅਸਟਾਮ ਫਰੋਸ਼, ਐਡਵੋਕੇਟਸ਼ ਅਤੇ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਅੱਜ ਸਵੇਰੇ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਚਰਨਜੀਤ ਸਿੰਘ ਚੰਨੀ ਤੇ ਸਾਥੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਭ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਰਬ ਸਾਂਝੀ ਧਾਰਮਿਕ ਕਮੇਟੀ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਸੰਧੂ ਨੇ ਸਭ ਨੂੰ ਜੀ ਆਇਆ ਆਖਿਆ।
ਇਸ ਮੌਕੇ ਸ੍ਰੀ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਹਾਜ਼ਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਫਿਰ ਤੋਂ ਰੰਗਲਾਂ ਪੰਜਾਬ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ, ਸੋ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਤਨਦੇਹੀ ਨਾਲ ਪੰਜਾਬ ਵਾਸੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦਫਤਰੀ ਕੰਮ ਕਰਵਾਉਣ ਆਉਣ ਵਾਲੇ ਸਮੂਹ ਲੋਕਾਂ ਦੇ ਕੰਮਾਂ ਨੂੰ ਹੋਰ ਸੁਹਰਿਦਤਾ ਨਾਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਮਿੰਨੀ ਸਕੱਤਰੇਤ ਕੰਪਲੈਕਸ ਦੀ ਸਫਾਈ, ਲੋੜੀਂਦੀ ਮੁਰੰਮਤ ਅਤੇ ਇੱਕ ਸ਼ਾਨਦਾਰ ਕੰਟੀਨ ਬਣਾਉਣ ਲਈ 7 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹਲਕੇ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸਮੂਹ ਮੁਲਾਜ਼ਮਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਹੁਣ ਤੱਕ ਉਨ੍ਹਾਂ ਨੂੰ ਕਿਸੇ ਮੁਲਾਜ਼ਮ ਪ੍ਰਤੀ ਆਮ ਲੋਕਾਂ ਵੱਲੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਪਾਂ ਹੋਰ ਚੰਗਾ ਸਿਸਟਮ ਪ੍ਰਦਾਨ ਕਰੀਏ ਤਾਂ ਜੋ ਸਾਡੇ ਬੱਚੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਨਾ ਜਾਣ। ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਮਿੰਨੀ ਸਕੱਤਰੇਤ ਦੀ ਦੇਖਭਾਲ ਵਿੱਚ ਕਿਸੇ ਪ੍ਰਕਾਰ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ ਅਤੇ ਕਰਮਚਾਰੀ ਮਿਲ ਕੇ ਆਮ ਲੋਕਾਂ ਦੇ ਕੰਮਾਂ ਨੂੰ ਇੱਕ ਵਿਸ਼ੇਸ਼ ਭਾਵਨਾ ਨਾਲ ਕਰਨ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਨਵੇਂ ਸਾਲ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਦਰਸਾਏ ਮਾਰਗ ਤੇ ਚੱਲ ਕੇ ਲੋਕਾਂ ਦੀ ਸੇਵਾ ਕਰੀਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਪਾਲ ਸਿੰਘ, ਡੀ.ਆਰ.ਓ. ਡਾ. ਅਜੀਤਪਾਲ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਮਨਪ੍ਰੀਤ ਸਿੰਘ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਜਿਲਾ ਭਾਸ਼ਾ ਅਫਸਰ ਸ੍ਰੀ ਮਨਜੀਤ ਪੁਰੀ,ਸਮਾਜ ਸੇਵੀ ਸ੍ਰੀ ਪ੍ਰਵੀਨ ਕਾਲਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਪੀ.ਏ. ਸਿਵਜੀਤ ਸਿੰਘ ਸੰਘਾ,ਅਮਨਦੀਪ ਸਿੰਘ ਬਾਬਾ, ਗੁਰਤੇਜ ਸਿੰਘ ਖੋਸਾ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਜਿਲ੍ਹਾ ਮੀਡੀਆ ਕੁਆਰਡੀਨੇਟਰ ਸ੍ਰੀ ਜਸਬੀਰ ਸਿੰਘ ਜੱਸੀ ਹਾਜ਼ਰ ਸਨ।
ਇਸ ਮੌਕੇ ਮੰਚ ਸੰਚਾਲਣ ਦੀ ਭੂਮਿਕਾ ਸ੍ਰੀ ਮਨਦੀਪ ਸਿੰਘ ਮੋਰਾਂਵਾਲੀ ਨੇ ਨਿਭਾਈ। ਇਸ ਮੌਕੇ ਰਿਟਾ. ਨਾਇਬ ਤਹਿਸੀਲਦਾਰ ਸ੍ਰੀ ਰਜਿੰਦਰ ਸਿੰਘ ਸਰ੍ਹਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਿਆ। ਸਮਾਗਮ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰਾਂ ਵਿੱਚੋਂ ਬਲਵੀਰ ਸਿੰਘ, ਬਲਦੇਵ ਸਿੰਘ ਜੰਡੋਕੇ, ਪ੍ਰਵੀਨ ਰਾਣੀ, ਅਮਰਜੀਤ ਕੌਰ, ਸੁਰਜੀਤ ਸਿੰਘ, ਜਸਪਾਲ ਸਿੰਘ ਪਲੇਨ, ਸ਼ਿੰਦਰਪਾਲ ਸਿੰਘ, ਨਛੱਤਰ ਸਿੰਘ ਢੈਪਈ, ਲਖਵੰਤ ਸਿੰਘ ਮਾਨ, ਅੰਮ੍ਰਿਤਪਾਲ ਕੋਟਕਪੂਰਾ, ਜਗਦੀਸ਼ ਕੁਮਾਰ ਕਾਨੂੰਗੋ, ਬਿੱਕਰ ਸਿੰਘ ਪਟਵਾਰੀ, ਹਰਪਾਲ ਸਿੰਘ ਸੁਪਰਡੈਂਟ, ਮਿੰਨੀ ਛਾਬੜਾ, ਗੁਰਜੀਤ ਸਿੰਘ, ਨੇ ਵੱਡਮੁੱਲਾ ਯੋਗਦਾਨ ਪਾਇਆ।