Breaking- ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜੁਲਾਈ 2015 ਤੋਂ 119 ਫੀਸਦੀ ਡੀ.ਏ. ਦੇਣ ਸਬੰਧੀ ਮਾਨਯੋਗ ਅਦਾਲਤ ਦਾ ਫੈਸਲਾ ਜਨਰਲਾਈਜ ਕਰੇ ਪੰਜਾਬ ਸਰਕਾਰ – ਪ੍ਰੇਮ ਚਾਵਲਾ
17 ਦਸੰਬਰ ਨੂੰ ਕੋਟਕਪੂਰਾ ਵਿਖੇ ਪੈਨਸ਼ਨਰ ਡੇਅ ਮਨਾਉਣ ਦਾ ਫੈਸਲਾ
ਕੋਟਕਪੂਰਾ, 12 ਦਸੰਬਰ – (ਪੰਜਾਬ ਡਾਇਰੀ) ਪੰਜਾਬ ਪੈਨਸ਼ਨਰਜ ਯੂਨੀਅਨ ( ਏਟਕ ) ਜਿਲਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਯੂਨੀਅਨ ਦੇ ਦਫ਼ਤਰ ‘ਚ ਸੀਨੀਅਰ ਪੇਨਸ਼ਨਰ ਸਾਥੀ ਮਾਸਟਰ ਬਿੱਕਰ ਸਿੰਘ ਗੋਂਦਾਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੇ ਇੱਕ ਸ਼ੋਕ ਮਤਾ ਪਾਸ ਕਰਕੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਸਾਥੀ ਰਾਜ ਗੁਰੂ ਸ਼ਰਮਾ ,ਨੱਥਾ ਸਿੰਘ ਮਹਿਤਾ ਅਤੇ ਗੁਰਮੇਲ ਸਿੰਘ ਧਾਲੀਵਾਲ ਬੱਧਣੀ ਖੁਰਦ , ਸਬ ਇੰਸਪੈਕਟਰ ਪੰਜਾਬ ਰੋਡਵੇਜ਼ ਦੀ ਯਾਦ ਵਿੱਚ ਦੋ ਮਿੰਟ ਲਈ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜੁਲਾਈ 2015 ਤੋਂ 31-12-2015 ਤੱਕ 119 ਫੀਸਦੀ ਦੀ ਦਰ ਨਾਲ ਡੀ.ਏ. ਦਾ ਬਣਦਾ ਬਕਾਇਆ ਅਦਾ ਕਰਨ ਦੇ ਆਦੇਸ਼ ਨੂੰ ਪੰਜਾਬ ਸਰਕਾਰ ਵੱਲੋਂ ਕੇਵਲ ਪਟੀਸ਼ਨਰ ‘ਤੇ ਲਾਗੂ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਜਿਸ ਕਾਰਨ ਨਾਨ ਪਟੀਸ਼ਨਰਾਂ ਨੂੰ ਆਪਣਾ ਬਣਦਾ ਹੱਕ ਲੈਣ ਲਈ ਕਾਨੂੰਨੀ ਚਾਰਾਜੋਈ ਕਰਨ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਮੁਲਾਜ਼ਮ ਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੇੇ ਕਿ ਤੁਰੰਤ ਇਹ ਫੈਸਲਾ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜਨਰਲਾਈਜ਼ ਕੀਤਾ ਜਾਵੇ । ਸੂਬਾਈ ਆਗੂ ਅਸ਼ੋਕ ਕੌਸ਼ਲ ਨੇ ਦੱਸਿਆ ਕਿ 17 ਦਸੰਬਰ ਦਾ ਦਿਨ ਪੈਨਸ਼ਨਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸ ਦਿਨ ਮਾਨਯੋਗ ਸਰਵ ਉੱਚ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਪੈਨਸ਼ਨ ਖੈਰਾਤ ਨਹੀਂ ਸਗੋਂ ਪੈਨਸ਼ਨ ਨੂੰ ਹਰ ਮੁਲਾਜ਼ਮ ਦਾ ਬੁਨਿਆਦੀ ਹੱਕ ਪ੍ਰਵਾਨ ਕੀਤਾ ਸੀ। ਮੀਟਿੰਗ ਨੇ ਸਰਬ ਸੰਮਤੀ ਨਾਲ ਇਹ ਦਿਨ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਯੂਨੀਅਨ ਦਫ਼ਤਰ ਵਿੱਚ 11 ਵਜੇ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680, ਸੈਕਟਰ 22 ਬੀ , ਚੰਡੀਗੜ੍ਹ ਵੱਲੋਂ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਭਰਵੀ ਸ਼ਮੂਲੀਅਤ ਕਰਨ ਦਾ ਨਿਰਣਾ ਲਿਆ ਗਿਆ । ਇਸ ਮੌਕੇ ‘ ਤੇ ਪੈਨਸ਼ਨਰ ਆਗੂ ਤਰਸੇਮ ਨਰੂਲਾ, ਸੋਮ ਨਾਥ ਅਰੋੜਾ, ਗੁਰਚਰਨ ਸਿੰਘ ਮਾਨ, ਰਾਜਿੰਦਰ ਸਿੰਘ ਸਰਾ ਸੇਵਾ ਮੁਕਤ ਤਹਿਸੀਲਦਾਰ , ਇਕਬਾਲ ਸਿੰਘ ਮੰਘੇੜਾ, ਗੇਜ ਰਾਮ ਭੌਰਾ , ਹਾਕਮ ਸਿੰਘ , ਮਦਨ ਲਾਲ ਸ਼ਰਮਾ , ਦਲਜੀਤ ਸਿੰਘ ਸੰਧੂ ਮੁੱਖ ਅਧਿਆਪਕ ,ਜਗਵੰਤ ਸਿੰਘ ਬਰਾੜ , ਅਮਰਜੀਤ ਕੌਰ ਛਾਬੜਾ , ਵਿਜੇ ਕੁਮਾਰੀ ਚੋਪੜਾ , ਜਸਵੀਰ ਸਿੰਘ ਕੈਂਥ , ਸੁਖਦਰਸ਼ਨ ਸਿੰਘ ਗਿੱਲ ਤੇ ਕੀਰਤਨ ਸਿੰਘ ਆਦਿ ਸ਼ਾਮਲ ਸਨ ।