Breaking- ਮੁਹੱਲਾ ਕਲੀਨਿਕ ਦੇ ਅੰਦਰ ਅਤੇ ਬਾਹਰ ਦੋਵਾਂ ਥਾਂ ਤੇ ਮਾਨ ਸਾਬ ਦੀ ਤਸਵੀਰ, ਬਾਬਾ ਸਾਹਿਬ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਗਾਇਬ ?
ਚੰਡੀਗੜ੍ਹ, 15 ਅਗਸਤ – ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅੱਜ ਤੋਂ ਪੰਜਾਬ ਭਰ ਵਿੱਚ 75 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਜਾ ਰਹੀ ਹੈ। ਜਿਸ ਵਿੱਚ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਤਾਂ ਮਿਲਣਗੀਆਂ ਪਰ ਇਨ੍ਹਾਂ ਕਲੀਨਿਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਵਾਰ ਫਿਰ ਤੋਂ ਫੋਟੋ ਵੀ ਦਿਖਾਈ ਦੇਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ 4 ਮਹੀਨੇ ਬਾਅਦ ਆਪਣੇ ਵੱਲੋਂ ਲਏ ਗਏ ਉਸ ਫ਼ੈਸਲੇ ਤੋਂ ਸਿਹਤ ਵਿਭਾਗ ਪਲਟਦਾ ਨਜ਼ਰ ਆ ਰਿਹਾ ਹੈ, ਜਿਸ ਫ਼ੈਸਲੇ ਵਿੱਚ ਕਿਸੇ ਵੀ ਸਰਕਾਰੀ ਅਦਾਰੇ ਦੀ ਇਮਾਰਤ ਵਿੱਚ ਮੁੱਖ ਮੰਤਰੀ ਜਾਂ ਫਿਰ ਕਿਸੇ ਵੀ ਸਿਆਸੀ ਨੇਤਾ ਦੀ ਫੋਟੋ ਲਗਾਉਣ ਦੀ ਥਾਂ ਉਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਫੋਟੋ ਲਗਾਉਣ ਲਈ ਕਿਹਾ ਗਿਆ ਸੀ। ਪੰਜਾਬ ਵਿੱਚ ਬਣਾਏ ਗਏ 75 ਮੁਹੱਲਾ ਕਲੀਨਿਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ 2-2 ਫੋਟੋਆਂ ਲਗਾਈਆਂ ਗਈਆਂ ਹਨ, ਜਦੋਂ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਫੋਟੋ ਦਿਖਾਈ ਨਹੀਂ ਦੇ ਰਹੀ ਹੈ।