Breaking- ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਵਿਅਕਤੀ ਨੂੰ ਅਜੇ ਤੱਕ ਪੁਲਿਸ ਫੜ੍ਹ ਨਹੀਂ ਸਕੀ
ਗੁਰਦਾਸਪੁਰ, 24 ਦਸੰਬਰ – (ਬਾਬੂਸ਼ਾਹੀ ਨੈਟਵਰਕ) ਸੱਤ ਦਿਨ ਪਹਿਲਾਂ ਧਾਰੀਵਾਲ ਭੋਜਾ ਤੋਂ ਪਤੀ-ਪਤਨੀ ਜੋ ਕਿ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਪਿੰਡ ਪਾਖਰਪੁਰਾ ਦੇ ਨਜ਼ਦੀਕ ਪਿਛੋਂ ਆ ਰਹੀ ਆਈ ਟਵੰਟੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਪਤੀ ਪਤਨੀ ਹੇਠਾਂ ਡਿੱਗ ਪਏ ਅਤੇ ਮੋਟਰਸਾਈਕਲ ਸਵਾਰ ਮੰਗਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ ਜਿਸ ਨੂੰ ਧਾਰੀਵਾਲ ਭੋਜਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਕਿ ਸੱਤ ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਵੱਲੋਂ ਉਸ ਦੇ ਬਿਆਨਾਂ ਤੱਕ ਨਹੀਂ ਲਏ ਗਏ। ਗਰੀਬ ਪਰਿਵਾਰ ਹੋਣ ਕਾਰਨ ਉਹ ਉਸ ਨੂੰ ਘਰ ਵਾਪਸ ਲੈ ਆਏ ਹਨ।
ਦੂਜੇ ਪਾਸੇ ਮੋਟਰ ਸਾਈਕਲ ਨੂੰ ਟੱਕਰ ਮਾਰ ਰਹੀ ਆਈ ਟਵੰਟੀ ਕਾਰ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਪਰ ਪੁਲਿਸ ਫੇਰ ਵੀ ਇਸ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਵੀ ਉਹ ਪੁਲਿਸ ਅਧਿਕਾਰੀ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਕਾਰ ਦਾ ਨੰਬਰ ਲੱਭ ਕੇ ਦਿਓ ਜਦਕਿ ਇਹ ਤਾਂ ਪੁਲਿਸ ਦਾ ਕੰਮ ਹੈ।ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਥਾਣੇ ਦੇ ਬਾਹਰ ਧਰਨਾ ਲਗਾਇਆ ਜਾਵੇਗਾ ।
ਜਦੋਂ ਇਸ ਬਾਰੇ ਚੌਂਕੀ ਇੰਚਾਰਜ ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਓਹਨਾ ਨੇ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਕਿਹਾ ਕਿ ਅਸੀਂ ਛਾਣਬੀਨ ਕਰ ਰਹੇ ਹਾਂ ਇਸ ਬਾਰੇ ਐਸਐਚਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ ਲਗਭਗ ਦੱਸ ਕੈਮਰੇ ਚੈੱਕ ਕੀਤੇ ਗਏ ਹਨ। ਜਲਦੀ ਹੀ ਟੱਕਰ ਮਾਰ ਕੇ ਦੌੜਨ ਵਾਲਾ ਆਈ ਟਵੰਟੀ ਝਲਕ ਫੜ ਲਿਆ ਜਾਵੇਗਾ।