Breaking- “ਮੋਦੀ ਰਾਜ ਵਿੱਚ ਔਰਤਾਂ ਤੇ ਅੱਤਿਆਚਾਰ ਵਧੇ” – ਕੁਸ਼ਲ ਭੌਰਾ।
ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਕਾਨਫਰੰਸ ਸੰਪੰਨ।
ਫਰੀਦਕੋਟ, 3 ਦਸੰਬਰ – (ਪੰਜਾਬ ਡਾਇਰੀ) “ਮੋਦੀ ਸਰਕਾਰ ਦੇ 8 ਸਾਲ ਦੇ ਰਾਜ ਵਿੱਚ ਦੇਸ਼ ਭਰ ਵਿੱਚ ਔਰਤਾਂ ਤੇ ਜਬਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ‘ਬੇਟੀ ਬਚਾਓ, ਬੇਟੀ ਪੜਾਓ’ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦਾ ਪਾਖੰਡ ਉਦੋਂ ਜਗ ਜਾਹਿਰ ਹੋ ਗਿਆ ਜਦੋਂ ਬਿਲਕਿਸ ਬਾਨੋ ਕਾਂਡ ਦੇ ਉਮਰ ਕੈਦ ਭੁਗਤ ਰਹੇ ਵਹਿਸ਼ੀ ਮੁਜਰਿਮਾਂ ਨੂੰ ਅਜਾਦੀ ਦਿਹਾੜੇ ਤੇ ਰਿਹਾ ਕਰ ਦਿੱਤਾ ਗਿਆ।” ਇਹ ਬਿਆਨ ਪੰਜਾਬ ਇਸਤਰੀ ਸਭਾ ਦੀ ਜਿਲਾ ਫਰੀਦਕੋਟ ਦੀ ਸ਼ਹੀਦ ਅਮੋਲਕ ਭਵਨ ਵਿੱਚ ਹੋਈ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੀ ਸੂਬਾ ਪ੍ਰਧਾਨ ਬੀਬੀ ਕੁਸ਼ਲ ਭੌਰਾ ਨੇ ਕਹੇ। ਹਰ ਵਰਗ ਦੀਆਂ ਔਰਤਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਇਸ ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੀ ਸ਼ਰਮਾ, ਸ਼ੀਲਾ ਮਨਚੰਦਾ, ਆਸ਼ਾ ਚੌਧਰੀ, ਸ਼ਾਮਲ ਸਨ ਜਦਕਿ ਬਾਬਾ ਫਰੀਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਅਤੇ ਕਿਸਾਨ ਆਗੂ ਬੀਬੀ ਰਵਿੰਦਰ ਪਾਲ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਬੀਬੀ ਰਾਜਿੰਦਰ ਪਾਲ ਕੌਰ, ਨਰਿੰਦਰ ਪਾਲ ਪਾਲੀ, ਬੀਬੀ ਸੁਦੇਸ਼, ਪ੍ਰੇਮ ਲਤਾ ਮਲੋਟ, ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਜਗਰੂਪ, ਜਿਲਾ ਸੈਕਟਰੀ ਅਸ਼ੋਕ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਇਸਤਰੀ ਜਾਤੀ ਤੇ ਹੁੰਦੇ ਆਏ ਜੁਲਮਾਂ ਅਤੇ ਮੌਜੂਦਾ ਹਾਲਾਤ ਤੇ ਵੇਰਵੇ ਸਹਿਤ ਵਿਚਾਰ ਰੱਖੇ। ਪੁਰਾਣੀ ਪ੍ਰਧਾਨ ਮਨਜੀਤ ਕੌਰ ਨੇ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸੋਧਾਂ ਸਮੇਤ ਪਾਸ ਕੀਤਾ। ਪੰਦਰਾਂ ਮੈਂਬਰਾਂ ਦੀ ਨਵੀਂ ਜਿਲਾ ਕੌਂਸਲ ਸਰਬਸੰਮਤੀ ਨਾਲ ਚੁਣੀ ਗਈ ਜਿਸ ਨੇ ਬੀਬੀ ਮਨਜੀਤ ਕੌਰ ਨੂੰ ਪ੍ਰਧਾਨ ਅਤੇ ਸ਼ਸ਼ੀ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ।