Breaking- ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ ਅੱਜ 0.50 ਫ਼ੀਸਦੀ ਵਾਧਾ ਕੀਤਾ, ਹੁਣ ਕਰਜ਼ਾ ਲੈਣਾ ਹੋਰ ਵੀ ਹੋਇਆ ਮਹਿੰਗਾ
ਨਵੀਂ ਦਿੱਲੀ, 30 ਸਤੰਬਰ – ਵਧਦੀ ਮਹਿੰਗਾਈ ਦੇ ਕਾਰਨ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਰੇਪੋ ਰੇਟ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਭਾਰਤੀ ਰਿਜ਼ਰਵ ਬੈਂਕ ਨੇ 50 ਆਧਾਰ ਅੰਕ ਜਾਂ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਹ ਐਲਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ। ਇਸ ਨਾਲ ਹੁਣ ਰੈਪੋ ਰੇਟ 5.90 ਫੀਸਦੀ ਹੋ ਗਿਆ ਹੈ।
ਪ੍ਰੈੱਸ ਕਾਨਫਰੰਸ ਵਿੱਚ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਹ ਬਦਲਾਅ ਬਿਨ੍ਹਾ ਕਿਸੇ ਦੇਰੀ ਤੋਂ ਲਾਗੂ ਕੀਤੇ ਜਾਣਗੇ। ਕੇਂਦਰੀ ਬੈਂਕ ਵੱਲੋਂ ਇਸ ਸਾਲ ਵਿਆਜ ਦਰਾਂ ਵਿੱਚ ਇਹ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਅਗਸਤ ‘ਚ ਰੈਪੋ ਰੇਟ ‘ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ ਅਤੇ ਵਿਆਜ ਦਰਾਂ 4.90 ਫੀਸਦੀ ਤੋਂ ਵਧਾ ਕੇ 5.40 ਫੀਸਦੀ ਕਰ ਦਿੱਤੀਆਂ ਗਈਆਂ ਸਨ।
ਹੁਣ ਰੇਪੋ ਦਰ ਵਿੱਚ ਵਾਧੇ ਕਾਰਨ ਘਰ ਤੇ ਲੋਨ ਅਤੇ ਕਾਰ ਲੋਨ ਤੇ ਹੋਰ ਲੋਨ ਵਰਗੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣਗੀਆਂ ਅਤੇ ਈਐਮਆਈ ਵਿੱਚ ਵਾਧਾ ਹੋਵੇਗਾ। ਦੇਸ਼ ‘ਚ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰੀ ਬੈਂਕ ਲਗਾਤਾਰ ਵਿਆਜ ਦਰਾਂ ‘ਚ ਵਾਧਾ ਕਰ ਰਿਹਾ ਹੈ ਪਰ ਫਿਰ ਵੀ ਦੇਸ਼ ‘ਚ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਸੀਮਾ ਤੋਂ ਵੱਧ ਹੈ। ਫਿਲਹਾਲ ਇਹ 7 ਫੀਸਦੀ ‘ਤੇ ਹੈ।